ਡੀ.ਪੀ.ਆਰ ਇਲੈਵਨ ਨੇ ਗਲੀ ਕ੍ਰਿਕਟ ਦਾ ਪ੍ਰਦਰਸ਼ਨੀ ਮੈਚ ਜਿੱਤਿਆ

ਐੱਸ ਏ ਐੱਸ, 1 ਅਗਸਤ, 2024:
ਯੂ.ਟੀ. ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ‘ਬੱਲਾ ਘੁੰਮਾਓ, ਨਸ਼ਾ ਭਜਾਓ’ ਦੇ ਸਲੋਗਨ ਤਹਿਤ ਕਰਵਾਈ ਜਾ ਰਹੀ ਗਲੀ ਕ੍ਰਿਕਟ ਦੇ ਬੀਤੀ ਰਾਤ ਪੀ.ਸੀ.ਏ. ਕੌਮਾਂਤਰੀ ਕ੍ਰਿਕਟ ਸਟੇਡੀਅਮ ਮੁਹਾਲੀ ਵਿਖੇ ਖੇਡੇ ਗਏ ਪ੍ਰਦਰਸ਼ਨੀ ਮੈਚ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਡੀ.ਪੀ.ਆਰ. ਇਲੈਵਨ ਨੇ ਟਰਾਈਸਿਟੀ ਦੇ ਖੇਡ ਪੱਤਰਕਾਰਾਂ ਦੀ ਟੀਮ ਨੂੰ ਛੇ ਦੌੜਾਂ ਨਾਲ ਹਰਾਇਆ। ਡੀ.ਪੀ.ਆਰ.ਟੀਮ ਦੇ ਆਦਿਲ ਆਜ਼ਮੀ ਨੂੰ ਹਰਫ਼ਨਮੌਲਾ ਪ੍ਰਦਰਸ਼ਨ ਬਦਲੇ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ।
ਬਹੁਤ ਹੀ ਰੋਮਾਂਚਕ ਤੇ ਫਸਵੇਂ ਘੱਟ ਸਕੋਰ ਵਾਲੇ ਮੈਚ ਵਿੱਚ ਡੀ.ਪੀ.ਆਰ. ਟੀਮ ਦੇ ਕਪਤਾਨ ਨਵਦੀਪ ਸਿੰਘ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਡੀ.ਪੀ.ਆਰ. ਟੀਮ ਨੇ ਨਿਰਧਾਰਤ 10 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਉਤੇ 59 ਦੌੜਾਂ ਬਣਾਈਆਂ। ਡੀ.ਪੀ.ਆਰ. ਵੱਲੋਂ ਆਦਿਲ ਆਜ਼ਮੀ ਨੇ ਸਭ ਤੋਂ ਵੱਧ 21 ਦੌੜਾਂ ਬਣਾਈਆਂ। ਰਣਦੀਪ ਸਿੰਘ ਨੇ 9, ਨਵਦੀਪ ਸਿੰਘ ਗਿੱਲ ਨੇ ਨਾਬਾਦ 6 ਤੇ ਅੰਮ੍ਰਿਤ ਸਿੰਘ ਨੇ ਵੀ 6 ਦੌੜਾਂ ਬਣਾਈਆਂ।
ਖੇਡ ਪੱਤਰਕਾਰਾਂ ਦੀ ਟੀਮ ਵੱਲੋਂ ਸੰਦੀਪ ਕੌਸ਼ਿਕ ਨੇ ਤਿੰਨ ਅਤੇ ਗੌਰਵ ਮਰਵਾਹਾ ਤੇ ਲੱਲਨ ਯਾਦਵ ਨੇ ਇਕ-ਇਕ ਵਿਕਟ ਲਈ। 60 ਦੌੜਾਂ ਦੇ ਸਕੋਰ ਦਾ ਪਿੱਛਾ ਕਰਦੀ ਖੇਡ ਪੱਤਰਕਾਰਾਂ ਦੀ ਟੀਮ 10 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਉਤੇ 54 ਦੌੜਾਂ ਹੀ ਬਣਾ ਸਕੀ। ਗੌਰਵ ਮਰਵਾਹਾ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ ਜਦੋਂ ਕਿ ਰਵੀ ਅਟਵਾਲ ਨੇ 12 ਤੇ ਸੰਜੀਵ ਨੇ ਨਾਬਾਦ 5 ਦੌੜਾਂ ਬਣਾਈਆਂ।
ਡੀ.ਪੀ.ਆਰ. ਟੀਮ ਵੱਲੋਂ ਅਮਿਤ ਕੁਮਾਰ, ਜਸਵੰਤ ਸਿੰਘ, ਆਦਿਲ ਆਜ਼ਮੀ ਤੇ ਮੁਕੇਸ਼ ਕੁਮਾਰ ਨੇ ਇਕ-ਇਕ ਵਿਕਟ ਲਈ। ਆਦਿਲ ਨੇ ਇਕ ਕੈਚ ਵੀ ਲਿਆ ਅਤੇ ਇਕ ਖਿਡਾਰੀ ਨੂੰ ਰਨ ਆਊਟ ਕੀਤਾ।
ਯੂ.ਟੀ.ਸੀ.ਏ. ਦੇ ਪ੍ਰਧਾਨ ਸੰਜੇ ਟੰਡਨ ਨੇ ਮੈਨ ਆਫ਼ ਦਿ ਮੈਚ ਪੁਰਸਕਾਰ ਅਤੇ ਦੋਵਾਂ ਟੀਮਾਂ ਨੂੰ ਸਨਮਾਨਤ ਕੀਤਾ। ਦੋਵਾਂ ਟੀਮਾਂ ਤਰਫੋਂ ਸੌਰਭ ਦੁੱਗਲ ਅਤੇ ਨਵਦੀਪ ਸਿੰਘ ਗਿੱਲ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *