ਭਰਤਗੜ੍ਹ 04 ਜਨਵਰੀ ()
ਪਿੰਡ ਛੋਟੀ ਝੱਖੀਆਂ ਵਿੱਚ ਹੈਪੇਟਾਈਟਸ-ਏ ਦੇ ਮਾਮਲੇ ਸਾਹਮਣੇ ਆਉਣ ਤੇ ਸਿਵਲ ਸਰਜਨ ਡਾ. ਤਰਸੇਮ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਦੀ ਅਗਵਾਈ ਹੇਠ ਤੁਰੰਤ ਪ੍ਰਭਾਵ ਨਾਲ ਕਮਿਊਨਟੀ ਹੈਲਥ ਸੈਂਟਰ ਭਰਤਗੜ੍ਹ ਵੱਲੋਂ 30 ਦਸੰਬਰ 2024 ਤੋਂ ਸਿਹਤ ਕੈਂਪ ਅਤੇ ਘਰ-ਘਰ ਸਰਵੇਖਣ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪਿੰਡ ਦੇ ਪਾਣੀ ਦੀ ਪਾਈਪਲਾਈਨ ਟੁੱਟਣ ਕਾਰਨ ਗੰਦੇ ਪਾਣੀ ਦੇ ਮਿਸ਼ਰਨ ਨਾਲ ਹੈਪੇਟਾਈਟਸ-ਏ ਦੇ ਫੈਲਣ ਦੇ ਆਸਾਰ ਪਾਏ ਗਏ ਹਨ।
ਇਹ ਸਿਹਤ ਕੈਂਪ ਪਿੰਡ ਵਿੱਚ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਵਿੱਚ ਖੂਨ ਦੇ ਨਮੂਨੇ ਇਕੱਠੇ ਕਰਕੇ ਜਰੂਰੀ ਟੈਸਟ ਕੀਤੇ ਜਾ ਰਹੇ ਹਨ, ਰਿਪੋਰਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋੜੀਂਦਾ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮੈਡੀਕਲ ਲੈਬ ਟੈਕਨੀਸ਼ੀਅਨ ਸਲੀਮ ਮਸੀਹ ਅਤੇ ਹਰਪ੍ਰੀਤ ਸਿੰਘ ਵੱਲੋਂ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਘਰ-ਘਰ ਸਰਵੇਖਣ ਵਿੱਚ ਸਿਹਤ ਕਰਮਚਾਰੀਆਂ ਦੀ ਟੀਮ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਇਕੱਠੀ ਕਰ ਰਹੀ ਹੈ। ਇਸ ਸਰਵੇਖਣ ਦਾ ਮੁੱਖ ਉਦੇਸ਼ ਹੈ ਸੰਭਾਵਿਤ ਮਾਮਲਿਆਂ ਦੀ ਪਛਾਣ ਕਰਕੇ ਰੋਗ ਦੀ ਰੋਕਥਾਮ ਲਈ ਜਰੂਰੀ ਕਦਮ ਚੁੱਕਣਾ ਹੈ।
ਡਾ.ਆਨੰਦ ਘਈ ਸੀਨੀਅਰ ਮੈਡੀਕਲ ਅਫਸਰ, ਨੇ ਕਿਹਾ
“ਹੈਪੇਟਾਈਟਸ-ਏ ਵਾਤਾਵਰਣ ਨਾਲ ਜੁੜੇ ਰੋਗ ਹਨ ਜੋ ਮੁੱਖ ਤੌਰ ‘ਤੇ ਗੰਦੇ ਪਾਣੀ ਅਤੇ ਖਾਣ-ਪੀਣ ਦੀ ਵਸਤਾਂ ਦੀ ਕਮੀ ਕਾਰਨ ਪੈਦਾ ਹੁੰਦੇ ਹਨ। ਪਿੰਡ ਵਿੱਚ ਪਾਣੀ ਦੀ ਪਾਈਪਲਾਈਨ ਵਿੱਚ ਟੁੱਟਣ ਕਾਰਨ ਗੰਦੇ ਪਾਣੀ ਦੇ ਮਿਸ਼ਰਨ ਨਾਲ ਇਨ੍ਹਾਂ ਰੋਗਾਂ ਦੇ ਫੈਲਾਅ ਦਾ ਸੰਕਟ ਵੱਧ ਗਿਆ ਹੈ। ਇਸ ਕੈਂਪ ਦਾ ਮੰਤਵ ਸਿਰਫ਼ ਰੋਗ ਦੀ ਪਛਾਣ ਹੀ ਨਹੀਂ ਸਗੋਂ ਲੋਕਾਂ ਨੂੰ ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹੱਈਆ ਕਰਵਾਉਣਾ ਵੀ ਹੈ। ਇਹ ਯਤਨ ਸਾਡੇ ਪਿੰਡ ਨੂੰ ਸਿਹਤਮੰਦ ਬਣਾਉਣ ਵੱਲ ਇਕ ਕਦਮ ਹੈ।”
ਸਾਹਿਲ ਸੁਖੇਰਾ, ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਦੱਸਿਆ ਕਿ ਸੁਰੱਖਿਅਤ ਰਹਿਣ ਲਈ ਸਾਫ ਸਫਾਈ ਅਤੇ ਸੁਰੱਖਿਅਤ ਪਾਣੀ ਦੀ ਵਰਤੋਂ ਬਹੁਤ ਜ਼ਰੂਰੀ ਹੈ। ਘਰ-ਘਰ ਸਰਵੇਖਣ ਰਾਹੀਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਰੋਗਾਂ ਤੋਂ ਬਚਣ ਦੇ ਤਰੀਕੇ ਦੱਸ ਰਹੇ ਹਾਂ।