ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਬੈਂਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫ਼ਰੀਦਕੋਟ 21 ਮਾਰਚ,2024

ਲੋਕ ਸਭਾ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਅੱਜ ਬੈਂਕ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਇਸ ਲਈ ਬੈਂਕਾਂ ਤੋਂ ਨਕਦੀ ਦੀ ਗੈਰ- ਕਾਨੂੰਨੀ ਆਵਾਜਾਈ ਨੂੰ ਰੋਕਣ ਲਈ ਹੁਣ ਤੋਂ ਹੀ ਲੋੜੀਂਦੇ ਕਦਮ ਚੁੱਕੇ ਜਾਣ।

ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਬੈਂਕ ਮੈਨੇਜਰਾਂ ਨੂੰ ਕਿਸੇ ਕਿਸਮ ਦੇ ਸ਼ੱਕੀ ਪੈਸਿਆਂ ਦੇ ਆਦਾਨ ਪ੍ਰਦਾਨ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਸਮੂਹ ਬੈਂਕਾਂ ਨੂੰ ਨਕਦ ਰਾਸ਼ੀ ਦੀ ਸਾਫ – ਸੁਥਰੀ ਅਤੇ ਸੁਰੱਖਿਅਤ ਟ੍ਰਾਂਸਪੋਰਟੇਸ਼ਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ।

ਉਨ੍ਹਾਂ ਕਿਹਾ ਕਿ ਸਮੂਹ ਬੈਂਕ ਆਪਣੀਆਂ ਬਰਾਂਚਾਂ ਨੂੰ ਪਾਬੰਦ ਕਰਨਗੇ ਕਿ ਉਹ ਉਮੀਦਵਾਰਾਂ ਦੇ ਚੋਣਾਂ ਸਬੰਧੀ ਬੈਂਕ ਖਾਤਿਆਂ ਨੂੰ ਖੋਲ੍ਹਣ ਦੀ ਲੋੜੀਂਦੀ ਸਹੂਲਤ ਪਹਿਲ ਦੇ ਆਧਾਰ ਉੱਪਰ ਮੁਹੱਈਆ ਕਰਾਉਣ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ 10,000 ਰੁਪਏ ਤੋਂ ਵੱਧ ਦਾ ਕੋਈ ਵੀ ਖ਼ਰਚਾ ਚੈੱਕ, ਡਰਾਫ਼ਟ, ਆਰ.ਟੀ.ਜੀ.ਐੱਸ. ਰਾਹੀਂ ਕੀਤਾ ਜਾਵੇਗਾ। ਚੋਣ ਪ੍ਰਕਿਰਿਆ ਦੌਰਾਨ ਕਿਸੇ ਰਾਜਨੀਤਿਕ ਪਾਰਟੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਦੇ ਖਾਤੇ ਵਿੱਚੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰੁਪਏ ਜਾਂ ਨਿਕਾਸੀ ਜੋ ਕਿ ਅਸਾਧਾਰਨ ਜਾਂ ਸ਼ੱਕੀ ਲੱਗਦੀ ਹੋਵੇ, ਦੀ ਸੂਚਨਾ ਤੁਰੰਤ ਜ਼ਿਲ੍ਹਾ ਚੋਣ ਦਫ਼ਤਰ ਨੂੰ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੇ ਵੀ ਬੈਂਕ ਖਾਤੇ ਵਿੱਚੋਂ ਨਕਦ, ਜਮ੍ਹਾਂ ਜਾਂ ਨਿਕਾਸੀ ਦੀ ਰਕਮ 10 ਲੱਖ ਰੁਪਏ ਤੋਂ ਵੱਧ ਹੈ ਤਾਂ ਇਸ ਦੀ ਸੂਚਨਾ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਇਹ ਸੂਚਨਾ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਇਨਕਮ ਟੈਕਸ ਨਿਯਮਾਂ ਮੁਤਾਬਕ ਬਣਦੀ ਲੋੜੀਂਦੀ ਕਾਰਵਾਈ ਹਿੱਤ ਭੇਜੀ ਜਾ ਸਕੇ।

ਉਨ੍ਹਾਂ ਕਿਹਾ ਕਿ ਬੈਂਕ ਇਹ ਗੱਲ ਯਕੀਨੀ ਬਣਾਉਣਗੇ ਕਿ ਠੇਕਾ ਆਧਾਰਿਤ ਕੈਸ਼ ਵੈਨਾਂ ਜੋ ਕਿ ਬੈਂਕਾਂ ਦਾ ਕੈਸ਼ ਲੈ ਕੇ ਚੱਲਦੀਆਂ ਹਨ, ਕਿਸੇ ਵੀ ਹਾਲਤ ਵਿੱਚ ਸਿਵਾਏ ਬੈਂਕਾਂ ਤੋਂ ਕਿਸੇ ਵੀ ਤੀਜੀ ਧਿਰ/ਏਜੰਸੀ ਜਾਂ ਵਿਅਕਤੀ ਦਾ ਕੈਸ਼ ਲੈ ਕੇ ਨਹੀਂ ਚੱਲਣਗੀਆਂ। ਇਸ ਸਬੰਧੀ ਠੇਕਾ ਆਧਾਰਿਤ ਕੰਪਨੀਆਂ ਬੈਂਕ ਵੱਲੋਂ ਜਾਰੀ ਈ.ਐਸ.ਐਮ.ਐਸ. ਤੇ ਕਿਊ ਆਰ. ਰਸੀਦ ਨਾਲ ਲੈ ਕੇ ਚੱਲਣਗੀਆਂ, ਜਿਸ ਵਿੱਚ ਬੈਂਕਾਂ ਵੱਲੋਂ ਜਾਰੀ ਨਕਦੀ/ਡਰਾਈਵਰ ਆਦਿ ਦਾ ਵੇਰਵਾ ਹੋਵੇਗਾ ਅਤੇ ਇਨ੍ਹਾਂ ਕੈਸ਼ ਵੈਨਾਂ ਵੱਲੋਂ ਏ.ਟੀ.ਐਮ. ਵਿੱਚ ਪੈਸੇ ਭਰਨ ਲਈ ਜਾਂ ਬੈਂਕ ਦੀਆਂ ਹੋਰ ਦੂਸਰੀਆਂ ਬਰਾਂਚਾਂ ਵਿੱਚ ਪੈਸੇ ਦੇਣ ਲਈ ਜਾਂ ਦੂਸਰੇ ਬੈਂਕ ਵਿੱਚ ਜਾਂ ਕਰੰਸੀ ਕੈਸ਼ ਵਿੱਚ ਪੈਸੇ ਦੇਣ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਠੇਕਾ ਆਧਾਰਿਤ  ਕੈਸ਼ ਵੈਨਜ਼ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸਬੰਧਿਤ ਏਜੰਸੀਜ਼ ਬਕਾਇਦਾ ਤੌਰ ਤੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣਗੇ। ਜੇਕਰ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੋਈ ਵੀ ਅਧਿਕਾਰੀ ਜੇਕਰ ਕਿਸੇ ਠੇਕਾ ਆਧਾਰਿਤ ਏਜੰਸੀ/ਕੰਪਨੀ ਦੀ ਕੈਸ਼ ਵੈਨ ਨੂੰ ਇੰਸਪੈਕਸ਼ਨ ਦੌਰਾਨ ਰੋਕ ਲੈਂਦਾ ਹੈ ਤਾਂ ਸਹਿਯੋਗ ਕਰਨਾ ਜ਼ਰੂਰੀ ਹੋਵੇਗਾ। ਮੀਟਿੰਗ ਵਿੱਚ ਹਾਜ਼ਰ ਸਮੂਹ ਬੈਂਕ ਪ੍ਰਬੰਧਕਾਂ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਹਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ.ਜਗਜੀਤ ਸਿੰਘ, ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ ਅਤੇ ਬੈਂਕ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *