ਸੁਤੰਤਰਤਾ ਸੰਗਰਾਮੀ ਉਜਾਗਰ ਸਿੰਘ ਖਤਰਾਏ ਕਲਾਂ ਦੇ ਪਰਿਵਾਰ ਨੂੰ ਮਿਲੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ

ਅੰਮ੍ਰਿਤਸਰ, 2 ਅਕਤੂਬਰ 2024 (    )-  ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ  ਉਜਾਗਰ ਸਿੰਘ ਖਤਰਾਏ ਕਲਾਂ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਦਾ ਨਾਮਕਰਨ ਉਨਾਂ ਦੇ ਨਾਮ ਤੇ ਕਰਨ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਜਿਲ੍ਹਾ ਪ੍ਰਸਾਸ਼ਨ ਵਲੋਂ ਸਕੂਲ ਨੂੰ ਜੋ ਵੀ ਹੋਰ ਸਹਿਯੋਗ ਦੀ ਲੋੜ ਹੋਵੇਗੀ ਸਮੇਂ ਸਿਰ ਦਿੱਤਾ ਜਾਵੇਗਾ । ਆਜ਼ਾਦੀ ਘੁਲਾਟੀਆਂ ਦੇ ਸਤਿਕਾਰ ਵਿਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੋਈ ਵੀ ਕੋਤਾਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਭਰੋਸਾ ਕਾਮਰੇਡ ਉਜਾਗਰ ਸਿੰਘ ਮੈਮੋਰੀਅਲ ਟਰਸਟ ਦੇ ਪ੍ਰਧਾਨ  ਤੇ ਉਨ੍ਹਾਂ ਦੇ ਪੋਤਰੇ ਸ. ਦਿਲਬਾਗ ਸਿੰਘ ਖਤਰਾਏ ਕਲਾਂ ਨੂੰ ਦਿੱਤਾ ਜੋ ਉਨ੍ਹਾਂ ਨੂੰ ਇੱਥੇ ਉਚੇਚੇ ਤੌਰ ਤੇ ਮਿਲਣ ਲਈ ਪੁੱਜੇ ਸਨ। ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਉਘੇ  ਸੁਤੰਤਰਤਾ ਸੰਗਰਾਮੀਆਂ  ਦੀਆਂ ਕੁਰਬਾਨੀਆਂ ਅੱਗੇ ਅਸੀਂ ਸਾਰੇ ਨਤਮਸਤਕ ਹਾਂ। ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਜੋ ਸੰਘਰਸ਼ ਲੜੇ ਗਏ ਉਸ ਤੋਂ ਆਉਣ ਵਾਲੀਆਂ  ਪੀੜ੍ਹੀਆਂ ਨੂੰ ਜਾਣੂ  ਕਰਵਾਉਣ ਲਈ ਅਜਿਹੇ ਉਪਰਾਲੇ ਭਵਿੱਖ ਵੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਨੂੰ ਪਤਾ ਰਹੇ ਕਿ ਅਸੀਂ ਆਜ਼ਾਦੀ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਹੈ ਨਾ ਕਿ ਸਾਨੂੰ ਇਹ ਖ਼ੈਰਾਤ ਵਿਚ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਜ਼ਾਦੀ ਘੁਲਾਟੀਏ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਹਨਾਂ ਅੰਮ੍ਰਿਤਸਰ ਦੀਆਂ ਆਜ਼ਾਦੀ ਸੰਘਰਸ਼ ਨਾਲ ਜੁੜੀਆਂ ਇਤਿਹਾਸਕ ਘਟਾਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਮ੍ਰਿਤਸਰ ਦਾ ਆਜ਼ਾਦੀ ਦੀ ਲੜਾਈ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਇਸ ਗੱਲ ਦੀ ਵੀ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਸ੍ਰ ਦਿਲਬਾਗ ਸਿੰਘ ਨੇ ਉਨ੍ਹਾਂ ਨੂੰ  ਆਜ਼ਾਦੀ ਘੁਲਾਟੀਏ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਸੋਵੀਨਰ ਵੀ ਉਨ੍ਹਾਂ ਨੂੰ ਭੇਟ ਕੀਤਾ। ਉਨ੍ਹਾਂ ਦੱਸਿਆ ਕਿ ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ ਨੇ ਦੇਸ਼ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਚੜਦੀ ਜਵਾਨੀ ਵਿੱਚ ਹੀ ਆਜ਼ਾਦੀ ਸੰਗਰਾਮ ਦੇ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ  ਜਿਸ  ਕਰਕੇ ਉਨ੍ਹਾਂ ਦਾ ਇੱਕ ਪੈਰ ਘਰ ਅਤੇ ਅਕਸਰ ਹੀ ਦੂਜਾ ਪੈਰ ਕਿਸੇ ਨਾ ਕਿਸੇ ਜੇਲ੍ਹ ਵਿਚ ਹੁੰਦਾ ਸੀ।1942 ਵਿੱਚ ਲਾਹੌਰ ਲੱਗੇ ਕਿਸਾਨੀ ਮੋਰਚੇ, 1946 ਵਿੱਚ ਹਰਸ਼ਾ ਛੀਨਾ ਵਿਖੇ ਲੱਗੇ ਮੋਘੇ ਦੇ ਮੋਰਚੇ ਅਤੇ ਗੁਰੂ ਕਾ ਬਾਗ ਦੇ ਮੋਰਚੇ ਵਿੱਚ  ਭਾਗ ਲੈਣ ਕਾਰਨ  ਲਾਹੌਰ ਅਤੇ ਮੁਲਤਾਨ ਸਮੇਤ ਦੇਸ਼ ਦੀਆਂ ਹੋਰਨਾਂ ਜੇਲਾਂ ਦੀ ਯਾਤਰਾ ਕਰਨੀ ਪਈ ।13 ਸਤੰਬਰ 2000 ਨੂੰ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ  ਤੋਂ ਬਾਅਦ ਪਰਿਵਾਰ ਵੱਲੋਂ ਹਰ ਸਾਲ  ਉਨ੍ਹਾਂ ਦੀ ਯਾਦ ਵਿਚ ਕੌਮਾਂਤਰੀ ਪੱਧਰ ਦਾ ਸਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ। ਉਹਨਾ ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਅਗਲੇ ਸਾਲ ਕਰਵਾਏ ਜਾਣ ਵਾਲੇ ਮੇਲੇ ਦੀਆਂ ਤਿਆਰੀਆਂ ਸਬੰਧੀ ਵੀ ਉਨ੍ਹਾਂ ਨੂੰ ਜਾਣਕਾਰੀ ਉਪਲਬੱਧ ਕਰਵਾਈ। ਸ੍ਰ ਦਿਲਬਾਗ ਸਿੰਘ ਨੇ ਕਿਹਾ ਕਿ  ਦੇਸ਼ ਭਗਤ ਕਾਮਰੇਡ ਉਜਾਗਰ ਸਿੰਘ ਖਤਰਾਏ ਕਲਾਂ ਦੇ ਨਾਂ ਦਾ ਗੇਟ ਵੀ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਲਦੀ ਹੀ ਬਣਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *