ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਨੇ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਪ੍ਰੇਰਿਤ

ਸ੍ਰੀ ਮੁਕਤਸਰ ਸਾਹਿਬ 19 ਅਕਤੂਬਰ
ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਜਿਥੇ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ,ਖੇਤੀਬਾੜੀ  ਅਤੇ ਹੋਰ ਵੱਖ-ਵੱਖ ਵਿਭਾਗਾਂ ਵਲੋਂ ਜਿ਼ਲ੍ਹੇ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਤੇ ਪਰਾਲੀ ਦੀ ਸਾਂਭ – ਸੰਭਾਲ ਸਬੰਧੀ  ਜਾਗਰੂਕ ਅਭਿਆਨ ਚਲਾਇਆ ਜਾ ਰਿਹਾ ਹੈ, ਉਥੇ  ਹੀ ਸ੍ਰੀਮਤੀ ਨਿਸ਼ਥਾ ਤ੍ਰਿਪਾਠੀ ਪ੍ਰੋਫੈਸਰ ਹਿਸਟਰੀ ਸਰਕਾਰੀ ਕਾਲਜ ਮੋਹਾਲੀ ਅਤੇ ਚੇਅਰਪਰਸ਼ਨ ਹਸਪਤਾਲ ਭਲਾਈ ਸੰਸਥਾ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀਮਤੀ ਸਰੀਸ਼ਟੀ ਗੁਪਤਾ ਵਲੋਂ ਵੀ ਅੱਜ ਸਕੂਲੀ  ਬੱਚਿਆਂ ਨੂੰ ਪਰਾਲੀ ਨਾ ਸਾੜਣ ਸਬੰਧੀ ਜਾਗਰੂਕ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਅਤੇ ਸ੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ ਨੇ ਅੱਜ ਥਾਂਦੇਵਾਲਾ, ਸੂਰੇਵਾਲਾ,ਹਰੀ ਕੇ ਕਲਾਂ, ਕਾਨਿਆਂਵਾਲੀ,ਗੁਲਾਬੇਵਾਲਾ ਅਤੇ ਰੋੜ੍ਹਾਂਵਾਲਾ ਦੇ
ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪਰਾਲੀ ਨਾ ਸਾੜਨ ਲਈ ਅਪੀਲ ਕਰਦਿਆਂ ਉਨ੍ਹਾਂ ਨੂੰ ਪਰਾਲੀ ਦੀ ਸਾਂਭ- ਸੰਭਾਲ ਲਈ ਵੀ ਉਤਸਾਹਿਤ ਤੇ ਪ੍ਰੇਰਿਤ ਕੀਤਾ ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਪਿੰਡਾਂ ਦੇ ਕਲਸਟਰ ਅਤੇ ਨੋਡਲ ਅਫਸਰਾਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਲਗਾਤਾਰ ਪਿੰਡਾਂ ਵਿੱਚ ਹੀ ਰਹਿਣ ਅਤੇ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਪਰਾਲੀ ਪ੍ਰਬੰਧਨ ਲਈ ਤਕਨੀਕੀ ਮਦਦ ਕਰਵਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਵੀ ਮੁਹੱਈਆ ਕਰਵਾਉਣ ਵਿੱਚ ਸਹਿਯੋਗ ਕਰਨ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਜਿਥੇ ਜਮੀਨ ਦੇ ਜਰੂਰੀ ਪੌਸ਼ਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਜਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਇਸ ਦੇ ਨਾਲ ਹੀ ਪ੍ਰਦੂਸ਼ਣ ਹੋਣ ਨਾਲ ਮਨੁੱਖਾਂ ਨੂੰ ਅਨੇਕਾਂ ਬਿਮਾਰੀਆਂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪਰਾਲੀ ਦਾ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਪ੍ਰਬੰਧਨ ਕੀਤਾ ਜਾਵੇ ਤਾਂ ਬਿਹਤਰ ਹੋਵੇਗਾ।
ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਵਿਭਾਗ ਵਲੋਂ  ਉਨਤ ਕਿਸਾਨ ਨਾਂ ਦੀ ਮੋਬਾਇਲ ਐਪ ਬਣਾਈ ਗਈ ਹੈ, ਇਸ ਐਪ ਰਾਹੀਂ ਕਿਸਾਨ ਭਰਾ ਆਪਣੇ ਨੇੜੇ ਉਪਲਬਧ ਮਸ਼ੀਨਾਂ ਦੀ ਜਾਣਕਾਰੀ ਲੈਣ ਦੇ ਨਾਲ ਨਾਲ ਆਪਣੀ ਜਰੂਰਤ ਅਨੁਸਾਰ ਮਸ਼ੀਨਾਂ ਦੀ ਬੁਕਿੰਗ ਕਰਵਾ ਸਕਦੇ ਹਨ। ਉਨਾਂ ਨੇ ਕਿਸਾਨਾਂ ਨੂੰ ਇਸ ਮੋਬਾਈਲ ਐਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ।
ਇਸ ਮੌਕੇ ਐਸ ਐਸ ਪੀ ਨੇ ਦੱਸਿਆ  ਕਿ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਨਿਯੁਕਤ ਕੀਤੇ ਨੋਡਲ ਅਫਸਰਾਂ ਦੇ ਨਾਲ ਪੁਲਿਸ ਵਿਭਾਗ ਦੇ  ਨੋਡਲ ਅਫਸਰਾਂ ਦੀ ਵੀ ਤਾਇਨਾਤੀ  ਕੀਤੀ ਗਈ ਹੈ, ਜੋ ਅਗਜਣੀ ਦੀਆਂ ਘਟਨਾਵਾ ਨੂੰ ਰੋਕਣ ਵਿੱਚ ਪੂਰਾ ਸਹਿਯੋਗ ਕਰਨਗੇ।
ਇਸ ਮੌਕੇ ਸ੍ਰੀ ਸੁਰਿੰਦਰ ਸਿੰਘ ਢਿਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਕੰਵਲਜੀਤ ਸਿੰਘ ਚਾਹਲ ਐਸ.ਪੀ., ਸ੍ਰੀ ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਵੀ ਮੌਜੂਦ ਸਨ।

Leave a Reply

Your email address will not be published. Required fields are marked *