ਡੀ ਸੀ ਆਸ਼ਿਕਾ ਜੈਨ ਨੇ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰਨ ਲਈ ਪੋਸਟਰ ਜਾਰੀ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਜਨਵਰੀ, 2024:
ਜ਼ਿਲ੍ਹੇ ਦੇ ਪਹਿਲੇ ਸਰਸ ਮੇਲੇ ਦੇ ਰੋਮਾਂਚਕ ਤਜ਼ਰਬੇ ਨਾਲ ਸ਼ਹਿਰ ਵਾਸੀਆਂ ਨੂੰ ਲੁਭਾਉਣ ਅਤੇ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ।  ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਏ.ਡੀ.ਸੀਜ਼ ਦਮਨਜੀਤ ਸਿੰਘ ਮਾਨ ਅਤੇ ਸ੍ਰੀਮਤੀ ਸੋਨਮ ਚੌਧਰੀ ਦੀ ਹਾਜ਼ਰੀ ਵਿੱਚ ਮੋਹਾਲੀ ਦੇ ਸੈਕਟਰ 88 ਵਿਖੇ 16 ਤੋਂ 25 ਫਰਵਰੀ ਤੱਕ ਹੋਣ ਵਾਲੇ ਸਰਸ ਮੇਲੇ ਦਾ ਪੋਸਟਰ ਜਾਰੀ ਕੀਤਾ।
ਡਿਪਟੀ ਕਮਿਸ਼ਨਰ ਜੈਨ ਨੇ ਦੱਸਿਆ ਕਿ ਇਸ ਸਮਾਗਮ ਨੂੰ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਨਾਲ ਸਫ਼ਲ ਬਣਾਉਣ ਲਈ ਆਊਟਡੋਰ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਦਾਖਲਾ ਲੈਣ ਲਈ ਮਾਮੂਲੀ ਫੀਸ ਵਸੂਲੀ ਜਾਵੇਗੀ ਜਦਕਿ ਪ੍ਰਵੇਸ਼ ਕਰਨ ਵਾਲਿਆਂ ਨੂੰ ਸਟਾਲਾਂ ‘ਤੇ ਖਾਣ-ਪੀਣ ਦੀਆਂ ਵਸਤਾਂ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਹੋਰ ਖਰੀਦਦਾਰੀ ਲਈ ਵੱਖਰੇ ਤੌਰ ‘ਤੇ ਭੁਗਤਾਨ ਕਰਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮਾਗਮ ਵਿੱਚ 300 ਤੋਂ ਵੱਧ ਸਟਾਲ ਲਗਾਉਣ ਦੀ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸਟਾਲਾਂ ‘ਤੇ ਦੇਸ਼ ਭਰ ਦੇ ਰਵਾਇਤੀ ਭੋਜਨ ਤੇ ਮਿਸ਼ਠਾਨ ਦੇ ਨਾਲ-ਨਾਲ ਦਸਤਕਾਰੀ ਕਾਰੀਗਰਾਂ ਦੁਆਰਾ ਤਿਆਰ ਕੀਤੇ ਗਏ ਕਲਾਤਮਕ ਅਤੇ ਹੋਰ ਸਮਾਨ ਦੀ ਵਿੱਕਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਬਾਲੀਵੁੱਡ ਅਤੇ ਪੰਜਾਬੀ ਦੇ ਨਾਮਵਰ ਗਾਇਕ ਰੋਜ਼ਾਨਾ ਸ਼ਾਮ ਨੂੰ ਆਪਣੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਣਗੇ। ਇਸੇ ਤਰ੍ਹਾਂ ਪ੍ਰਸ਼ਾਸਨ ਮਨੋਰੰਜਨ ਦੇ ਮਕਸਦ ਨਾਲ ਸਮਾਗਮ ਵਿੱਚ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਟੈਂਡਅੱਪ ਕਾਮੇਡੀ ਵਰਗੇ ਸ਼ੋਅ ਨੂੰ ਵੀ ਸਥਾਨਕ ਨੌਜਵਾਨਾਂ ਦੀ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਸਮਾਗਮ ਦਾ ਹਿੱਸਾ ਬਣਾਉਣ ਲਈ ਵਿਚਾਰਿਆ ਜਾਵੇਗਾ।
ਇਸ ਮੌਕੇ ਨਿਰਮਾਤਾ ਤੇ ਨਿਰਦੇਸ਼ਕ ਬੰਟੀ ਬੈਂਸ ਵੀ ਮੌਜੂਦ ਸਨ।

Leave a Reply

Your email address will not be published. Required fields are marked *