ਵੇਰਕਾ ਪਨੀਰ ਦੇ ਗ੍ਰਾਹਕਾਂ ਨੂੰ ਮਿਲੇਗਾ ਹੁਣ ਮੁਫ਼ਤ ਦਹੀਂ ਦਾ ਕੱਪ

ਲੁਧਿਆਣਾ, 31 ਜਨਵਰੀ (000) – ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਪ੍ਰਮੁੱਖ ਅਦਾਰੇ ਮਿਲਕਫ਼ੈਡ (ਵੇਰਕਾ) ਨੇ ਵੇਰਕਾ ਦੇ ਦੁੱਧ ਪਦਾਰਥਾਂ ਦੇ ਵਿਸਤਾਰ ਲਈ ਪੰਜਾਬ ਭਰ ਵਿੱਚ ਦੁੱਧ ਤੇ ਦੁੱਧ ਪਦਾਰਥਾਂ ਲਈ ਨਵੀਆਂ ਮੰਡੀਕਰਨ ਸਕੀਮਾਂ ਦਾ ਐਲਾਨ ਕੀਤਾ ਹੈ। ਵੇਰਕਾ ਦਾ 200 ਗ੍ਰਾਮ ਪਨੀਰ ਦਾ ਪੈਕਟ ਖ੍ਰੀਦਣ ਵਾਲੇ ਗ੍ਰਾਹਕ ਹੁਣ 125 ਗ੍ਰਾਮ ਵਾਲਾ ਦਹੀਂ ਦਾ ਕੱਪ ਮੁਫ਼ਤ ਵਿੱਚ ਪ੍ਰਾਪਤ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਵੇਰਕਾ ਨਾਲ ਜੁੜੇ ਉਪਭੋਗਤਾਂਵਾਂ ਦੇ ਦੁੱਧ ਪਦਾਰਥਾਂ ਦੇ ਖਰਚਿਆਂ ਨੂੰ ਮੁੱਖ ਰੱਖਦਿਆਂ, ਵੇਰਕਾ ਨੇ ਇਹ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਵੇਰਕਾ ਮਿਲਕ ਪਲਾਂਟਾਂ ਦਾ ਮੁੱਖ ਮਕਸਦ ਦੁੱਧ ਉਤਪਾਦਕਾਂ ਦੀ ਖੁਸ਼ਹਾਲੀ ਦੇ ਨਾਲ ਗ੍ਰਾਹਕਾਂ ਨੂੰ ਵਾਜਬ ਮੁੱਲ ‘ਤੇ ਦੁੱਧ ਤੇ ਦੁੱਧ ਪਦਾਰਥ ਉਪਲੱਭਧ ਕਰਵਾਉਣਾ ਹੈ। ਉਹਨਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਲੁਧਿਆਣਾ ਇਸ ਸਮੇਂ ਦਹੀਂ, ਲੱਸੀ, ਮੱਖਣ, ਖੀਰ ਤੋਂ ਇਲਾਵਾ 2.50 ਲੱਖ ਲੀਟਰ ਪ੍ਰਤੀ ਦਿਨ ਪੈਕਡ ਦੁੱਧ ਦਾ ਆਪਣੇ ਸਬੰਧਤ ਖੇਤਰ ਵਿੱਚ ਮੰਡੀਕਰਣ ਕਰ ਰਿਹਾ ਹੈ।

ਸਕੀਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੀ.ਐਮ. ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਵੇਰਕਾ ਦੁੱਧ ਵਿਕ੍ਰੇਤਾਵਾਂ ਨੂੰ ਉਤਸਾਹਿਤ ਕਰਨ ਲਈ ਦੁੱਧ ਦੀ ਵਿਕਰੀ ‘ਤੇ ਵੀ ਇੱਕ ਸਕੀਮ ਸ਼ੂਰੂ ਕੀਤੀ ਗਈ ਹੈ ਜਿਸ ਤਹਿਤ ਪੰਜ ਪ੍ਰਤੀਸ਼ਤ ਤੋਂ ਦਸ ਪ੍ਰਤੀਸ਼ਤ ਦੀ ਵਿਕਰੀ ਦੇ ਵਾਧੇ, 10-15 ਪ੍ਰਤੀਸ਼ਤ ਦੇ ਵਾਧੇ, 15-20 ਪ੍ਰਤੀਸ਼ਤ ਅਤੇ 20 ਪ੍ਰਤੀਸ਼ਤ ਤੋਂ ਜਿਆਦਾ ਦੁੱਧ ਦੀ ਵਿਕਰੀ ‘ਤੇ ਵਾਧੇ ਲਈ ਵਿਕ੍ਰੇਤਾਵਾਂ ਨੂੰ ਇੰਸੇਂਟਿਵ ਦਿੱਤਾ ਜਾਵੇਗਾ। ਵੇਰਕਾ ਦੇ ਦੁੱਧ ਦੀ ਸ਼ਾਮ ਦੀ ਵਿਕਰੀ ‘ਤੇ ਟਰੇਅ ਪਿੱਛੇ 5 ਰੁਪਏ ਦਾ ਇੰਸੇਂਟਿਵ ਵੀ ਦਿੱਤਾ ਜਾਵੇਗਾ। ਇਹ ਫੈਸਲਾ ਦੁਕਾਨਾਂ ‘ਤੇ ਸ਼ਾਮ ਨੂੰ ਦੁੱਧ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ। ਇਹ ਸਕੀਮ 2 ਫਰਵਰੀ ਤੋਂ 31 ਮਾਰਚ, 2024 ਤੱਕ ਲਾਗੂ ਰਹੇਗੀ।

Leave a Reply

Your email address will not be published. Required fields are marked *