ਸੀ.ਐਮ. ਦੀ ਯੋਗਸ਼ਾਲਾ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਦੇ ਰਹੀ ਛੁਟਕਾਰਾ

ਫ਼ਿਰੋਜ਼ਪੁਰ, 18 ਅਕਤੂਬਰ 2024:
ਸੀਐੱਮ ਦੀ ਯੋਗਸ਼ਾਲਾ ਤਹਿਤ ਰਾਜ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ’ਚ ਸਿਹਤਮੰਦ ਤਬਦੀਲੀਆਂ ਲਿਆਉਣ ਲਈ ਆਰੰਭਿਆ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਾਉਣ ’ਚ ਮਦਦਗਾਰ ਹੋ ਰਿਹਾ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ’ਚ 80 ਥਾਵਾਂ ਤੇ ਲਗਾਈਆਂ ਜਾ ਰਹੀਆਂ ਯੋਗ ਕਲਾਸਾਂ ਵਿੱਚ ਰੋਜ਼ਾਨਾ ਲਗਭਗ 2350 ਲੋਕ ਯੋਗ ਸਿੱਖਣ ਆਉਂਦੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਯੋਗ ਸੁਪਰਵਾਈਜ਼ਰ ਫ਼ਿਰੋਜ਼ਪੁਰ ਮੈਡਮ ਅਮਨਪ੍ਰੀਤ ਕੌਰ ਨੇ ਕੀਤਾ।
ਮੈਡਮ ਅਮਨਪ੍ਰੀਤ ਕੌਰ ਨੇ ਕਿਹਾ ਕਿ ਅੱਜ-ਕਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਯੋਗ ਨੂੰ ਇਨ੍ਹਾਂ ਤੋਂ ਰਾਹਤ ਲਈ ਬਿਹਤਰੀਨ ਉਪਾਅ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਪਰਮਜੀਤ ਕੌਰ ਨਾਮ ਦੀ ਔਰਤ ਨੂੰ 18-20 ਸਾਲ ਤੋਂ ਕਮਰ ਦਰਦ ਸੀ, ਜੋ ਕਿ ਹੁਣ ਯੋਗ ਅਭਿਆਸ ਨਾਲ ਠੀਕ ਹੋ ਗਈ ਹੈ। ਸੀ ਐਮ ਦੀ ਯੋਗਸਾਲਾ ਵਿਚ ਯੋਗ ਅਭਿਆਸ ਕਰਨ ਨਾਲ ਹੋਰ ਵੀ ਰੋਗਾਂ ਤੋਂ ਰਾਹਤ ਮਹਿਸੂਸ ਕਰਨ ਲੱਗੀ ਹੈ।ਇਸੇ ਤਰ੍ਹਾਂ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ, ਫ਼ਰੋਜ਼ਨ ਸ਼ੋਲਡਰ ,ਸਾਹ ਸੰਬੰਧੀ ,ਤਨਾਅ ਜਿਹੀਆਂ ਸਮੱਸਿਆਵਾਂ ਤੋਂ ਪੀੜਿਤ ਹੁੰਦੇ ਹਨ, ਉਹ ਵੀ ਹੁਣ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਯੋਗ ਨੂੰ ਜੀਵਨ ਦਾ ਅੰਗ ਬਣਾਉਣ ਨਾਲ ਅਸੀਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਜੋ ਸਾਨੂੰ ਸਰੀਰਕ ਜਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੀਆਂ ਹਨ, ਤੋਂ ਵੱਖ-ਵੱਖ ਯੋਗ ਆਸਨਾਂ ਦੇ ਅਭਿਆਸ ਨਾਲ ਹੀ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
ਜ਼ਿਲ੍ਹਾ ਯੋਗ ਸੁਪਰਵਾਈਜ਼ਰ ਅਨੁਸਾਰ ਸੀਐੱਮ ਦੀ ਯੋਗਸ਼ਾਲਾ ਉਨ੍ਹਾਂ ਹਜ਼ਾਰਾਂ ਲੋਕਾਂ ਲਈ ਆਸ ਦੀ ਕਿਰਨ ਬਣ ਕੇ ਆਈ ਹੈ ਜੋ ਆਪਣੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਨਿਰਾਸ਼ ਹੋ ਕੇ ਬੈਠ ਗਏ ਸਨ। ਉਨ੍ਹਾਂ ਕਿਹਾ ਕਿ ਯੋਗਾ ਕਲਾਸ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਂਦੀ ਅਤੇ ਕੋਈ ਵੀ ਵਿਅਕਤੀ ਇਸ ਲਈ ਸੀਐੱਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।ਇਸ ਸਬੰਧੀ ਜਾਣਕਾਰੀ ਲੈਣ ਲਈ ਲੋਕ ਹੈਲਪਲਾਈਨ ਨੰਬਰ 76694-00500 ‘ਤੇ ਮਿਸ ਕਾਲ ਕਰ ਸਕਦੇ ਹਨ ਜਾਂ ਮੋ. ਨੰ: 78888-40115 ‘ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *