ਮਲੋਟ/ਸ੍ਰੀ ਮੁਕਤਸਰ ਸਾਹਿਬ 15 ਫਰਵਰੀ
ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਿਮਟ ਕਾਲਜ ਮਲੋਟ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ।
ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ, ਪੰਜਾਬ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨਾਲ ਸ੍ਰੀਮਤੀ ਵਿੰਮੀ ਭੁੱਲਰ ਵਿਸ਼ੇਸ਼ ਸਕੱਤਰ ਅਤੇ ਸ੍ਰੀਮਤੀ ਰੁਪਿੰਦਰ ਕੌਰ ਡਿਪਟੀ ਡਾਇਰੈਕਟਰ ਨੇ ਵੀ ਸਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧੀਆਂ ਨੂੰ ਹਰੇਕ ਖੇਤਰ ਵਿਚ ਅੱਗੇ ਲਿਆਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਧੀਆਂ ਹਰੇਕ ਖੇਤਰ ਵਿਚ ਮੱਲ੍ਹਾਂ ਮਾਰ ਰਹੀਆਂ ਹਨ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦੇਣੀ ਸਾਡਾ ਫਰਜ਼ ਹੈ।
ਉਹਨਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੇ ਨਾਲ ਸਮਾਜ ਵਿਚ ਲੜਕੇ ਅਤੇ ਲੜਕੀਆਂ ਵਿਚਲੇ ਭੇਦ ਭਾਵ ਤੇ ਠੱਲ ਪਾਈ ਜਾ ਰਹੀ ਹੈ ਜਿਸ ਨਾਲ ਸਾਡਾ ਸਮਾਜ ਸੱਭਿਅਕ ਅਤੇ ਸਿਹਤਵੰਦ ਹੋਵੇਗਾ।ਉਹਨਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਤਹਿਤ ਜਿਲ੍ਹੇ ਦੇ ਅੰਕੜਿਆਂ ਅਨੁਸਾਰ ਲੜਕੀਆਂ ਦੇ ਲਿੰਗ ਅਨੁਪਾਤ ਵਿਚ ਆ ਰਹੀ ਗਿਰਾਵਟ ਤੇ ਵੀ ਠੱਲ ਪਵੇਗੀ।
ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਵਧੀਆਂ ਕਾਰਗੁਜਾਰੀ ਨਿਭਾਉਣ ਵਾਲੇ 10 ਜਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸੇਵਾ ਮੁਕਤ ਜੇ.ਡੀ ਗੁਰਜਿੰਦਰ ਸਿੰਘ ਮੌੜ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਦਿਵਿਆਂਗ ਬੱਚੀਆਂ ਵੱਲੋਂ ਲੋਕ ਨਾਚ ਰਾਹੀਂ ਪੇਸ਼ਕਾਰੀ ਕੀਤੀ ਗਈ।
ਸਮਾਗਮ ਵਿਚ ਵੱਖ ਵੱਖ ਸਕੂਲਾਂ ਦੀਆਂ ਬੱਚੀਆਂ ਵੱਲੋਂ ਰੰਗਾਂ—ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਜਿਸ ਤੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਹੌਸਲਾ ਅਫਜਾਈ ਕੀਤੀ।
ਇਸ ਸਮਾਗਮ ਵਿਚ ਸਰਕਾਰੀ ਸਕੂਲ ਦੀਆਂ 300 ਲੜਕੀਆਂ ਨੂੰ ਸਕੂਲ ਕਿੱਟਾਂ ਅਤੇ 51 ਨਵ ਜੰਮੀਆਂ ਬੱਚੀਆਂ ਨੂੰ ਬੇਬੀ ਕਿੱਟਾਂ ਵੀ ਦਿੱਤੀਆਂ ਗਈਆਂ ਅਤੇ ਦਿਵਿਆਂਗ ਬੱਚੀਆਂ ਨੂੰ ਸਕੂਲ ਕਿੱਟਾਂ ਦਿੱਤੀਆਂ ਗਈਆਂ।
ਇਸ ਮੌਕੇ ਕੈਬਨਿਟ ਮੰਤਰੀ ਨੇ 16 ਨਵੀਆਂ ਪੈਸ਼ਨਰਾਂ ਦੇ ਸ਼ੈਕਸ਼ਨ ਪੱਤਰ ਵੀ ਜਾਰੀ ਕੀਤੇ।
ਕੈਬਨਿਟ ਮੰਤਰੀ ਨੇ ਸ਼ਹਿਰ ਵਿਚ ਸਾਫ ਸਫਾਈ ਦੇ ਮੱਦੇਨਜਰ ਇਕ ਸੈਨਟਰੀ ਨੈਪਕਿਨ ਮਸ਼ੀਨ ਵੀ ਦਿੱਤੀ ਗਈ।
ਇਸ ਸਮਾਗਮ ਦੌਰਾਨ ਸ੍ਰੀਮਤੀ ਰਣਜੀਤ ਕੌਰ ਕੌਰ ਸੀ.ਡੀ.ਪੀ.ਓ ਲੰਬੀ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ।
ਸਮਾਗਮ ਦੌਰਾਨ ਸ੍ਰੀ ਵਰਿੰਦਰ ਬਜਾਜ ਅਤੇ ਪ੍ਰੋ. ਗੁਰਪ੍ਰੀਤ ਸੋਨੀ ਨੇ ਸਟੇਜ਼ ਦੀ ਭੂਮਿਕਾ ਨਿਭਾਈ।
ਅੰਤ ਵਿਚ ਸ੍ਰੀ ਪ੍ਰਦੀਪ ਸਿੰਘ ਗਿੱਲ ਜਿਲਾ ਪ੍ਰੋਗਰਾਮ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ. ਸੁਖਜਿੰਦਰ ਸਿੰਘ ਕਾਊਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ, ਸ. ਜਗਦੇਵ ਸਿੰਘ ਬਾਂਮ ਲੋਕ ਸਭਾ ਇੰਚਾਰਜ, ਡਾ. ਜ਼ਸਕਰਨ ਸਿੰਘ ਭੁੱਲਰ ਡਾਇਰੈਕਟਰ ਮਿਮਟ ਕਾਲਜ, ਸ. ਮਨਵੀਰ ਸਿੰਘ ਖੁੱਡੀਆਂ, ਗਗਨਦੀਪ ਸਿੰਘ ਔਲਖ ਸਹਿਰੀ ਪ੍ਰਧਾਨ, ਰਮੇਸ਼ ਅਰਨੀਵਾਲਾ ਦਫਤਰ ਇੰਚਾਰਜ, ਅਰਸ਼ ਬਰਾੜ ਪੀ.ਏ, ਕੁਲਵਿੰਦਰ ਸਿੰਘ, ਲਵਲੀ ਸੰਧੂ, ਲੱਵ ਬੱਤਰਾ, ਯਾਦਵਿੰਦਰ ਸਿੰਘ ਸੋਹਣਾ, ਅਮਰੀਕ ਸਿੰਘ ਮੀਕਾ, ਜਗਮੀਤ ਬਾਂਮ, ਕੁਲਦੀਪ ਸਿੰਘ ਮੌਜੂਦ ਸਨ।