ਸਿਵਲ ਸਰਜਨ ਵੱਲੋਂ ਬਰਸਾਤੀ ਮੌਸਮ ਦੌਰਾਨ ਗੰਦੇ ਪਾਣੀ ਤੋਂ ਹੋਣ ਵਾਲੀਆ ਬਿਮਾਰੀਆਂ ਤੋਂ ਬਚਾਅ ਸੰਬਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ

ਫਿਰੋਜ਼ਪੁਰ,16 ਜੁਲਾਈ 2024:

          ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਬਰਸਾਤੀ ਮੌਸਮ ਦੌਰਾਨ ਗੰਦੇ ਪਾਣੀ ਤੋਂ ਫੈਲਣ ਵਾਲੀਆ ਬਿਮਾਰੀਆਂ ਤੋਂ ਬਚਾਅ ਸੰਬਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਨਗਰ ਕੌਂਸਲ, ਵਾਟਰ ਸਪਲਾਈ, ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਭਾਗ ਲਿਆ।

          ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਫ਼ਿਰੋਜ਼ਪੁਰ ਅਰਬਨ ਏਰੀਆ ਵਿਖੇ ਕਈ ਥਾਂਵਾਂ ’ਤੇ ਸੀਵਰੇਜ਼ ਦਾ ਪਾਣੀ ਇਕੱਠਾ ਹੋਇਆ ਪਿਆ ਹੈ। ਖੜ੍ਹੇ ਗੰਦੇ ਪਾਣੀ ਵਿੱਚ ਮਲੇਰੀਆ ਮੱਛਰ ਦੀ ਪੈਦਾਵਾਰ ਹੁੰਦੀ ਹੈ, ਜਿਸ ਕਾਰਨ ਆਸ-ਪਾਸ ਰਹਿੰਦੇ ਲੋਕਾਂ ਨੂੰ ਮਲੇਰੀਆ ਬੁਖਾਰ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਸੀਵਰੇਜ਼ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਪਾਇਪ ਵਿੱਚ ਰਲ ਜਾਵੇ ਤਾਂ ਉਹ ਪਾਣੀ ਪੀਣ ਨਾਲ ਲੋਕਾਂ ਨੂੰ ਹੈਜਾ, ਟਾਈਫਾਈਡ, ਦਸਤ ਆਦਿ ਬੀਮਾਰੀਆਂ ਲਗਣ ਦਾ ਖਦਸ਼ਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਆਏ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰੀ ਇਲਾਕੇ ਵਿੱਚ ਖ਼ਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਪਲਾਟ ਸਫ਼ਾਈ ਕਰਵਾਉਣ ਲਈ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਬਰਸਾਤੀ ਪਾਣੀ ਇਕੱਠਾ ਨਾ ਹੋਵੇ।

          ਇਸ ਮੌਕੇ ਜ਼ਿਲਾ ਐਪੀਡੀਮੋਲੋਜਿਸਟ ਡਾ. ਸਮਿੰਦਰ ਕੌਰ ਅਤੇ ਡਾ. ਯੁਵਰਾਜ ਨੇ ਦੱਸਿਆ ਕਿ ਆਮ ਜਨਤਾ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਸਬੰਧੀ ਅਤੇ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਸਾਰੇ ਵਿਭਾਗਾਂ ਨੂੰ ਮਿਲਜੁਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਫ਼ਿਰੋਜ਼ਪੁਰ ਅਰਬਨ ਏਰੀਏ ਦੇ ਵਸਨੀਕ ਇਨ੍ਹਾਂ ਬਿਮਾਰੀਆਂ ਤੋਂ ਬੱਚ ਸਕਣ।

          ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਡੇਂਗੂ ਮਲੇਰੀਆ ਫੈਲਣ ਦੇ ਕਾਰਨਾਂ, ਲੱਛਣਾਂ ਅਤੇ ਬਚਾਓ ਲਈ ਜਾਗਰੂਕਤਾ ਅਭਿਆਨ ਵੀ ਚਲਾਇਆ ਗਿਆ ਹੈ। ਮੀਟਿੰਗ ਵਿੱਚ ਸੁਪਰਡੈਂਟ ਪਰਮਵੀਰ ਮੋਂਗਾ, ਪੀ.ਏ. ਵਿਕਾਸ ਕਾਲੜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *