ਬਰਨਾਲਾ, 2 ਜਨਵਰੀ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਲੋਕਾਂ ਨੂੰ ਸਮਾਂਬੱਧ ਅਤੇ ਬਗੈਰ ਖੁਆਰੀ ਤੋਂ ਸੇਵਾਵਾਂ ਮੁਹਈਆ ਕਰਾਉਣ ਦੀ ਸੋਚ ਸਦਕਾ ਪਿਛਲੇ ਸਾਲ ਮੁੱਖ ਮੰਤਰੀ ਸਹਾਇਤਾ ਕੇਂਦਰੀ ਸਥਾਪਿਤ ਕੀਤੇ ਗਏ ਸਨ। ਜ਼ਿਲ੍ਹਾ ਪੱਧਰ ‘ਤੇ ਬਣਿਆ ਇਹ ਸਹਾਇਤਾ ਕੇਂਦਰ ਬਰਨਾਲਾ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ, ਜਿਸ ਰਾਹੀਂ ਤੇਜ਼ੀ ਨਾਲ ਲੋਕਾਂ ਦੀਆਂ ਅਰਜ਼ੀਆਂ ਦਾ ਨਿਬੇੜਾ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਜੂਨ 2024 ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ (ਸੀ ਐਮ ਵਿੰਡੋ) ਸਥਾਪਿਤ ਕੀਤਾ ਗਿਆ ਸੀ ਜਿਸ ਦਾ ਮੁੱਖ ਮਕਸਦ ਸੀ ਕਿ ਲੋਕਾਂ ਦੀ ਮੁੱਖ ਮੰਤਰੀ ਦਫ਼ਤਰ ਤੱਕ ਜ਼ਿਲ੍ਹਾ ਮੁਕਾਮ ਤੋਂ ਹੀ ਸਿੱਧੀ ਪਹੁੰਚ ਹੋਵੇ, ਲੋਕਾਂ ਦੇ ਰਾਜਧਾਨੀ ਚੰਡੀਗੜ੍ਹ ਪੱਧਰ ਦੇ ਕੰਮ ਇਥੋਂ ਹੀ ਹੋ ਜਾਣ ਅਤੇ ਇਹ ਕੰਮ ਤੇਜ਼ੀ ਨਾਲ ਅਤੇ ਬਿਨਾਂ ਖੁਆਰੀ ਤੋਂ ਸਮਾਂਬੱਧ ਤਰੀਕੇ ਨਾਲ ਹੋਣ।
ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ ਸੀ ਐਮ ਵਿੰਡੋ ਵਿੱਚ ਹੁਣ ਤੱਕ 357 ਦਰਖਾਸਤਾਂ ਆਈਆਂ ਹਨ, ਜਿਨ੍ਹਾਂ ਵਿਚੋਂ 317 (88 ਫੀਸਦੀ) ਦਰਖਾਸਤਾਂ ਦਾ ਸਮਾਂਬੱਧ ਨਿਬੇੜਾ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸਹਾਇਤਾ ਕੇਂਦਰ ਵਿੱਚ ਹੁਣ ਤੱਕ ਗ੍ਰਹਿ ਵਿਭਾਗ ਨਾਲ ਸਬੰਧਤ 114, ਮਾਲ ਵਿਭਾਗ ਨਾਲ ਸਬੰਧਤ 79, ਪੇਂਡੂ ਵਿਕਾਸ ਵਿਭਾਗ ਨਾਲ ਸਬੰਧਤ 44, ਜਲ ਸਰੋਤ ਵਿਭਾਗ ਦੀਆਂ 6, ਸਥਾਨਕ ਸਰਕਾਰਾਂ ਵਿਭਾਗ ਦੀਆਂ 17, ਬਿਜਲੀ ਮਹਿਕਮੇ ਦੀਆਂ 9, ਖੇਤੀਬਾੜੀ ਵਿਭਾਗ ਦੀਆਂ 2, ਸਹਿਕਾਰਤਾ ਦੀਆਂ 9, ਸਿੱਖਿਆ ਵਿਭਾਗ ਦੀਆਂ 5, ਚੋਣਾਂ ਸਬੰਧੀ 1, ਖਾਧ ਤੇ ਸਿਵਲ ਸਪਲਾਈ ਵਿਭਾਗ ਦੀਆਂ 56, ਸਹਿਤ ਵਿਭਾਗ ਦੀਆਂ 5, ਟਰਾਂਸਪੋਰਟ ਸਬੰਧੀ 9, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ 1 ਦਰਖਾਸਤ ਮੁੱਖ ਮੰਤਰੀ ਸਹਾਇਤਾ ਕੇਂਦਰ ‘ਤੇ ਪ੍ਰਾਪਤ ਹੋਈ ਹੈ।
ਉਨ੍ਹਾਂ ਦੱਸਿਆ ਕਿ ਸਹਾਇਤਾ ਕੇਂਦਰੀ ‘ਤੇ ਦਰਖਾਸਤਾਂ ਦਾ ਸਮਾਂਬੱਧ ਨਿਬੇੜਾ ਯਕੀਨੀ ਬਣਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਓਹੀ 40 ਦਰਖਾਸਤਾਂ ਬਕਾਇਆ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਅਰਜ਼ੀਆਂ ਪਿਛਲੇ ਦਿਨਾਂ ਵਿੱਚ ਪ੍ਰਾਪਤ ਹੋਈਆਂ ਹਨ ਅਤੇ ਸਬੰਧਤ ਵਿਭਾਗਾਂ ਨੂੰ ਭੇਜੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਮੁੱਖ ਮੰਤਰੀ ਸਹਾਇਤਾ ਕੇਂਦਰ ਨਾਲ ਲੋਕਾਂ ਨੂੰ ਆਪਣੇ ਮਸਲਿਆਂ ਲਈ ਚੰਡੀਗੜ੍ਹ ਨਹੀਂ ਜਾਣਾ ਪੈਂਦਾ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਇਥੋਂ ਹੀ ਪੋਰਟਲ ਰਾਹੀਂ ਭੇਜ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ‘ਤੇ ਹੀ ਹੋਣ ਵਾਲੇ ਕੰਮ ਸੰਬਧਤ ਦਫਤਰਾਂ ਨੂੰ ਮਾਰਕ ਕੀਤੇ ਜਾਂਦੇ ਹਨ, ਜੋ ਕਿ ਤਰਜੀਹੀ ਆਧਾਰ ‘ਤੇ ਕੀਤੇ ਜਾਂਦੇ ਹਨ ਤੇ ਲੋਕਾਂ ਦਾ ਸਹੀ ਮਾਰਗ ਦਰਸ਼ਨ ਕੀਤਾ ਜਾਂਦਾ ਹੈ।