ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਸਰਕਾਰ ਤੁਹਾਡੇ ਦੁਆਰ ਤਹਿਤ 6 ਫਰਵਰੀ ਤੋਂ ਲੱਗਣਗੇ ਕੈਂਪ

ਫਾਜ਼ਿਲਕਾ 2 ਫਰਵਰੀ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਬਰੂਹਾਂ *ਤੇ ਪਹੁੰਚ ਕੇ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਕੈਂਪਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤਹਿਤ ਜ਼ਿਲ੍ਹਾ ਫਾਜ਼ਿਲਕਾ ‘ਚ 6 ਫਰਵਰੀ ਤੋਂ ਕੈਂਪ ਲਗਾਏ ਜਾਣਗੇ। ਇਹ ਕੈਂਪ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਲਈ ਲਗਾਏ ਜਾਣਗੇ। ਇਹ ਜਾਣਕਾਰੀ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅਧਿਕਾਰੀਆਂ ਨਾਲ ਸਾਂਝੇ ਤੌਰ *ਤੇ ਮੀਟਿੰਗ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਦੀਆਂ ਸਮੂਹ ਸਬ ਡਵੀਜਨਾਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿੱਚ ਕੈਂਪ ਲਗਾਏ ਜਾਣਗੇ।

ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਖਜਲ-ਖੁਆਰੀ ਤੋਂ ਨਿਜਾਤ ਦਿਵਾਉਂਦਿਆਂ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਆਉਣ ਦੀ ਬਜਾਏ ਸਰਕਾਰ ਖੁਦ ਪਿੰਡ ਵਿਚ ਜਾਏਗੀ ਤੇ ਲੋਕਾਂ ਦੇ ਮਸਲੇ ਹਲ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾ ਦਾ ਲਾਹਾ ਲੋਕਾਂ ਤੱਕ ਆਸਾਨ ਅਤੇ ਸਮਾਂਬਧ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 1076 ਸੇਵਾ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਨਾਲ ਲੋਕਾਂ ਨੂੰ ਘਰ ਬੈਠੇ ਹੀ ਅਨੇਕਾ ਸੇਵਾਵਾਂ ਹਾਸਲ ਹੋ ਰਹੀਆਂ ਹਨ ਤੇ ਅਧਿਕਾਰੀਆਂ/ਕਰਚਮਾਰੀਆਂ ਵੱਲੋਂ ਲੋੜੀਂਦੇ ਸਰਟੀਫਿਕੇਟ ਘਰੇ ਹੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਉਦੇਸ਼ ਦੀ ਪੂਰਤੀ ਕਰਦਿਆਂ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਟੀਮ ਵਾਂਗ ਕੰਮ ਕਰਦਿਆਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵਧ ਤੋਂ ਵੱਧ ਲਾਹਾ ਮੁਹੱਈਆ ਕਰਵਾਉਣਾ ਹੈ।

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇੱਕੋ ਛੱਤ ਥੱਲੇ ਸਕੀਮਾਂ ਦਾ ਲਾਭ ਮੁਹੱਈਆ ਕਰਾਉਣਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਸਮੂਹ ਅਧਿਕਾਰੀ ਇਨ੍ਹਾਂ ਕੈਪਾਂ ਵਿਚ ਹਾਜਰੀ ਯਕੀਨੀ ਬਣਾਉਣ ਤਾਂ ਜੋ ਕੈਂਪ ਵਿਚ ਪ੍ਰਾਪਤ ਸ਼ਿਕਾਇਤ ਦਾ ਮੌਕੇ *ਤੇ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਵਿਭਾਗ ਦੀਆਂ ਸਕੀਮਾਂ ਸਬੰਧੀ ਲੋੜੀਂਦੇ ਦਸਤਾਵੇਜਾਂ ਸਬੰਧੀ ਵੀ ਲੋਕਾਂ ਨੁੰ ਪਹਿਲਾਂ ਤੋਂ ਹੀ ਜਾਣੂ ਕਰਵਾਉਣ ਤਾਂ ਜੋ ਕੈਂਪਾਂ ਵਿਚ ਲੋਕਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ।

also Read ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵਲੋਂ ਬੁੱਢਾ ਦਰਿਆ ਦੇ ਨਾਲ-ਨਾਲ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ

ਉਨ੍ਹਾਂ ਕਿਹਾ ਕਿ 44 ਪ੍ਰਕਾਰ ਦੀਆਂ ਵੱਖ-ਵੱਖ ਸਰਕਾਰੀ ਸੇਵਾਵਾਂ ਸਬੰਧੀ ਕੰਮ ਇਨ੍ਹਾਂ ਕੈਂਪਾਂ ‘ਚ ਨਬੇੜੇ ਜਾਣਗੇ। ਇਨ੍ਹਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਉਸਾਰੀ ਕਿਰਤੀਆਂ ਸਬੰਧੀ ਲਾਭਪਾਤਰੀ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਸ਼ਾਦੀ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਦਸਤਾਵੇਜ਼ਾਂ ਦੇ ਤਸਦੀਕ ਸ਼ੁਦਾ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਆਮ ਜਾਤੀ ਸਰਟੀਫਿਕੇਟ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸ਼ਾਮਲ ਹਨ।

ਇਹਨਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜਰੂਰੀ ਹੈ।  ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੈਨਸ਼ਨ ਦੀ ਸੇਵਾ ਲੈਣ ਵਾਸਤੇ ਆਪਣਾ ਆਧਾਰ ਕਾਰਡ, ਵੋਟਰ ਕਾਰਡ, ਬੈਂਕ ਖਾਤਾ, ਦਿਵਿਆਂਗਤਾ ਪੈਨਸ਼ਨ ਵਾਸਤੇ ਦਿਗਿਆਂਗਤਾ ਸਰਟੀਫਿਕੇਟ ਅਤੇ ਵਿਧਵਾ ਤੇ ਆਸ਼ਰਿਤ ਬਚਿਆਂ ਵਾਸਤੇ ਮੌਤ ਦਾ ਸਰਟੀਫਿਕੇਟ ਕੈਂਪ ਵਿਚ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਚ ਕਚਿਹਰੀਆਂ ‘ਚ ਬਕਾਇਆ ਪਏ ਕੇਸ, ਸੜਕਾਂ, ਸਕੂਲਾਂ, ਡਿਸਪੈਂਸਰੀਆਂ ਆਦਿ ਦੀ ਅਪਗ੍ਰੇਡੇਸ਼ਨ ਜਾਂ ਉਸਾਰੀ, 5 ਮਰਲਾ ਪਲਾਟ ਸਕੀਮ, ਖੇਤੀਬਾੜੀ ਕਰਜ਼ਾ ਮਾਫ਼ੀ, ਸਕੂਲਾਂ, ਡਿਸਪੈਂਸਰੀਆਂ ‘ਚ ਸਰਕਾਰੀ ਕਰਮਚਾਰੀਆਂ ਦੀ ਘਾਟ ਅਤੇ ਉਨ੍ਹਾਂ ਬੁਢਾਪਾ ਪੈਨਸ਼ਨ ਕੇਸਾਂ ਨੂੰ ਨਹੀਂ ਲਿਆ ਜਾਵੇਗਾ ਜਿਹੜੇ ਲੋਕ ਪੈਨਸ਼ਨ ਲੈਣ ਦੇ ਯੋਗ ਨਹੀਂ।

ਇਸ ਮੌਕੇ ਐਸ.ਡੀ.ਐਮ ਵਿਪਨ ਭੰਡਾਰੀ, ਐਸ.ਡੀ.ਐਮ. ਬਲਕਰਨ ਸਿੰਘ, ਐਸ.ਪੀ. ਰਮਨੀਸ਼ ਚੌਧਰੀ, ਸਮੂਹ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

Leave a Reply

Your email address will not be published. Required fields are marked *