ਅੰਮ੍ਰਿਤਸਰ, 17 ਜਨਵਰੀ 2025-
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਰਾਸ਼ਟਰਪਤੀ ਵੱਲੋਂ ਖੇਡਾਂ ਵਿੱਚ ਪਾਏ ਯੋਗਦਾਨ ਲਈ ਹਾਕੀ ਖਿਡਾਰੀ ਨੂੰ ਦਿੱਤੇ ਗਏ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਦੀ ਬਦੌਲਤ ਦੇਸ਼ ਵਿੱਚ ਦੁਬਾਰਾ ਹਾਕੀ ਪ੍ਰੇਮ ਬੱਚਿਆਂ ਵਿੱਚ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਵੱਡੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਸਾਡੇ ਜਿਲ੍ਹੇ ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦੇ ਵਸਨੀਕ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਐਵਾਰਡ 2024 , ਮੇਰੇ ਹਲਕੇ ਦੇ ਪਿੰਡ ਰਜਧਾਨ ਦੇ ਵਸਨੀਕ ਸ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਕਾਕਾ ਨੂੰ ਅਰਜਨ ਐਵਾਰਡ ਦੇਸ਼ ਦੇ ਰਾਸ਼ਟਰਪਤੀ ਵਲੋਂ ਮਿਲਿਆ ਹੈ। ਉਨਾਂ ਉਕਤ ਖਿਡਾਰੀਆਂ, ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਆਸ ਹੈ ਕਿ ਜਿੱਥੇ ਇਹ ਖਿਡਾਰੀ ਖੇਡ ਵਿੱਚ ਹੋਰ ਬੁਲੰਦੀਆਂ ਨੂੰ ਛੂਹਣਗੇ ਉੱਥੇ ਇਹਨਾਂ ਵੱਲ ਵੇਖ ਕੇ ਇਹਨਾਂ ਦੇ ਪਾਏ ਹੋਏ ਪੂਰਨਿਆਂ ਉਤੇ ਚੱਲ ਕੇ ਸਾਡੇ ਪੰਜਾਬ ਦੇ ਵਿੱਚ ਖੇਡਾਂ ਦੀ ਨਵੀਂ ਪਨੀਰੀ ਤਿਆਰ ਹੋਵੇਗੀ, ਜੋ ਕਿ ਦੇਸ਼ ਦਾ ਨਾਂ ਆਉਣ ਵਾਲੇ ਸਮੇਂ ਵਿੱਚ ਰੌਸ਼ਨ ਕਰੇਗੀ।
ਜ਼ਿਕਰ ਯੋਗ ਹੈ ਕਿ ਹਰਮਨਪ੍ਰੀਤ ਸਿੰਘ ਖੇਡ ਰਤਨ ਪੁਰਸਕਾਰ ਨਾਲ ਸਨਮਾਨਤ ਹੋਣ ਵਾਲਾ ਪੰਜਵਾਂ ਪੰਜਾਬੀ ਖਿਡਾਰੀ ਅਤੇ ਦੇਸ਼ ਦਾ ਛੇਵਾਂ ਹਾਕੀ ਖਿਡਾਰੀ ਹੈ। ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਜਿਸ ਨੂੰ ਆਪਣੀ ਕਪਤਾਨੀ ਹੇਠ ਭਾਰਤ ਨੂੰ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿਤਾਉਣ ਕਰਕੇ ਦੁਨੀਆਂ “ਹਾਕੀ ਦੇ ਸਰਪੰਚ” ਨਾਲ ਪੁਕਾਰਦੀ ਹੈ। ਹਰਮਨਪ੍ਰੀਤ ਸਿੰਘ ਬਾਬਾ ਬਕਾਲਾ ਨੇੜਲੇ ਪਿੰਡ ਤਿੰਮੋਵਾਲ ਦਾ ਜੰਮਪਲ ਹੈ। ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੋਨ ਤਮਗੇ ਤੋਂ ਸੁਨਿਹਰੀ ਸਫ਼ਰ ਸ਼ੁਰੂ ਕਰਨ ਵਾਲੇ ਭਾਰਤੀ ਹਾਕੀ ਟੀਮ ਦੇ ਡਿਫੈਂਡਰ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਟੋਕੀਓ ਤੇ ਪੈਰਿਸ ਵਿਖੇ ਹੋਈਆਂ ਦੋਵੇਂ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਪੈਰਿਸ ਵਿਖੇ ਉਹ 10 ਗੋਲਾਂ ਨਾਲ ਟਾਪ ਸਕੋਰਰ ਬਣਿਆ। 241 ਮੈਚਾਂ ਵਿੱਚ 212 ਗੋਲਾਂ ਨਾਲ ਉਹ ਗੋਲ ਕਰਨ ਵਿੱਚ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਤੀਜੇ ਨੰਬਰ ਉੱਪਰ ਹੈ। ਆਪਣੇ ਖੇਡ ਕਰੀਅਰ ਵਿੱਚ ਹਰਮਨਪ੍ਰੀਤ ਸਿੰਘ ਨੇ ਇੱਕ ਵਾਰ ਏਸ਼ੀਅਨ ਗੇਮਜ਼, ਇੱਕ ਵਾਰ ਏਸ਼ੀਆ ਕੱਪ, ਤਿੰਨ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗ਼ਾ, ਦੋ ਵਾਰ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਮਗ਼ਾ, ਪ੍ਰੋ ਲੀਗ ਅਤੇ ਵਿਸ਼ਵ ਹਾਕੀ ਲੀਗ ਵਿੱਚ ਇੱਕ-ਇੱਕ ਵਾਰ ਕਾਂਸੀ ਦਾ ਤਮਗ਼ਾ ਤੇ ਇੱਕ ਵਾਰ ਕਾਮਨਵੈਲਥ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਿਹਾ ਹਰਮਨਪ੍ਰੀਤ ਸਿੰਘ ਅਰਜੁਨ ਐਵਾਰਡ ਜੇਤੂ ਹੈ। ਉਹ ਤਿੰਨ ਵਾਰ ਐਫ.ਆਈ.ਐਚ. ਵੱਲੋਂ ਵਰਲਡ ਪਲੇਅਰ ਆਫ ਦਾ ਯੀਅਰ ਐਲਾਨਿਆ ਗਿਆ ਹੈ।