ਲੁਧਿਆਣਾ, 11 ਜਨਵਰੀ (000) – ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵਲੋਂ 28ਵੇਂ ਧੀਆਂ ਦੀ ਲੋਹੜੀ ਮੇਲੇ ਦੇ ਆਯੋਜਨ ਮੌਕੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸਥਾਨਕ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਲੋਹੜੀ ਸਮਾਰੋਹ ਮੌਕੇ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵਲੋਂ ਜਾਰੀ ਇਹ ਇੱਕ ਸ਼ਲਾਘਾਯੋਗ ਉਪਰਾਲਾ ਜਿਸਦੇ ਤਹਿਤ ਇਹ 28ਵਾਂ ਲੋਹੜੀ ਮੇਲਾ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਧੀਆਂ ਹਮੇਸ਼ਾ ਆਪਣੇ ਮਾਪਿਆਂ ਦੀ ਖ਼ੈਰ ਮੰਗਦੀਆਂ ਹਨ ਅਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਧੀਆਂ ਨੂੰ ਪੁੱਤਰਾਂ ਦੀ ਬਰਾਬਰੀ ਦਾ ਮਾਹੌਲ ਸਿਰਜਇਏ।
ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ, ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਤੋਂ ਇਲਾਵਾ ਹੋਰ ਉੱਘੀਆਂ ਸਖ਼ਸ਼ੀਆਂਤ ਵੀ ਮੌਜੂਦ ਸਨ।
ਮਾਲ ਮੰਤਰੀ ਸ੍ਰੀ ਜਿੰਪਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾ ਮੁੱਖ ਮਕਸਦ ਨਵ ਜ਼ੰਮੀਆ ਬੱਚੀਆ ਨੂੰ ਸਮਾਜ਼ ਵਿੱਚ ਸਮਾਨਤਾ ਦਾ ਅਧਿਕਾਰ ਦਵਾਉਣਾ ਅਤੇ ਸੂਬੇ ਦੇ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣਾ ਹੈ।
ਉਨ੍ਹਾਂ ਇਸ ਗੱਲ ‘ਤੇ ਖੁਸ਼ੀ ਪ੍ਰਗਟਾਈ ਕਿ ਅੱਜ ਸਾਡੀਆਂ ਧੀਆਂ ਵੱਖ-ਵੱਖ ਉੱਚੇ ਅਹੁਦਿਆਂ ‘ਤੇ ਵਿਰਾਜਮਾਨ ਹਨ ਅਤੇ ਪੰਜਾਬ ਸਰਕਾਰ ਧੀਆਂ ਦੀ ਸਿੱਖਿਆ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਹੀ ਅਜਿਹੀ ਪੌੜੀ ਹੈ ਜਿਸ ਰਾਹੀ ਔਰਤਾਂ ਸਮਾਜ਼ ਵਿੱਚ ਸਮਾਨਤਾ ਦਾ ਅਧਿਕਾਰ ਪਾ ਸਕਦੀਆਂ ਹਨ।
ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਔਰਤਾਂ ਦਾ ਸਮਾਜ਼ ਵਿੱਚ ਬਰਾਬਰੀ ਦਾ ਦਰਜ਼ਾ ਹੋਣਾ ਜ਼ਰੂਰੀ ਹੈ। ਇਸ ਲਈ ਭਰੂਣ ਹੱਤਿਆ ਨੂੰ ਰੋਕਣਾ, ਬੱਚੀਆਂ/ਅੋਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣਾ ਅਤੇ ਉਨ੍ਹਾਂ ਨੂੰ ਪੜ੍ਹਾਉਣਾ ਜ਼ਰੂਰੀ ਹੈ।
ਸਮਾਗਮ ਮੌਕੇ ਨਵਜ਼ੰਮੀਆਂ ਬੱਚੀਆ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੱਚੀਆਂ ਦੇ ਮਾਪਿਆਂ ਨੇ ਲੋਹੜੀ ਮੇਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਜਿੱਥੇ ਬੱਚੀਆਂ ਨੇ ਗਿੱਧਾ ਪਾ ਕੇ ਲੋਹੜੀ ਮਨਾਈ ਉੱਥੇ ਉੱਘੇ ਕਲਾਕਾਰਾਂ ਵਲੋਂ ਵੀ ਸ਼ਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।