ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਗੁੱਡ ਸ਼ੱਕਰ’ ਕੈਫੇ ਦਾ ਉਦਘਾਟਨ

ਮਾਨਸਾ, 01 ਅਗਸਤ:
ਜ਼ਿਲ੍ਹਾ ਪ੍ਰਸ਼ਾਸਨ ਦੇ ਨਿਵੇਕਲੇ ਉਪਰਾਲੇ ਸਦਕਾ ਪ੍ਰਬੰਧਕੀ ਕੰਪਲੈਕਸ ’ਚ ਆਉਣ ਵਾਲੇ ਲੋਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਗੁਣਵੱਤਾ ਅਤੇ ਮਿਆਰੀ ਫੂਡ ਚਾਹ, ਕੌਫੀ, ਸਨੈਕਸ ਆਦਿ ਮੁਹੱਈਆ ਕਰਵਾਉਣ ਲਈ ‘ਗੁੱਡ ਸ਼ੱਕਰ’ ਕੈਫੇ ਬਣਾਇਆ ਗਿਆ ਹੈ। ਕੈਫੇ ਦਾ ਰਸਮੀ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਐਚ.ਐਸ. ਗਰੇਵਾਲ ਨੇ ਕੀਤਾ। ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਪ੍ਰਬੰਧਕੀ ਕੰਪਲੈਕਸ ’ਚ ਬਣੇ ‘ਗੁੱਡ ਸ਼ੱਕਰ’ ਕੈਫੇ ’ਚ ਜਿੱਥੇ ਲੋਕਾਂ ਦੇ ਬੈਠਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਉੱਥੇ ਚੰਗੀ ਕੁਆਲਟੀ ਦੇ ਫੂਡਜ਼ ਵਾਜ਼ਬ ਰੇਟਾਂ ’ਤੇ ਮੁਹੱਈਆ ਕਰਵਾਉਣ ਲਈ ਰੇਟ ਤੈਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਵੇਂ ਬਣੇ ਕੈਫੇ ਦਾ ਸਮਾਂ ਦਫ਼ਤਰੀ ਸਮੇਂ ਮੁਤਾਬਿਕ ਸਵੇਰੇ 09 ਵਜੇ ਤੋਂ ਸ਼ਾਮ 05 ਵਜੇ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਧੀਆ ਕੈਫੇ ਖੁੱਲ੍ਹਣ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ, ਜਿੱਥੇ ਲੜਕੇ ਅਤੇ ਲੜਕੀਆਂ ਦੋਵੇਂ ਬਰਾਬਰ ਕੰਮ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਅਜਿਹੀਆਂ ਸਾਂਝੀਆਂ ਤੇ ਵਧੀਆ ਥਾਵਾਂ ਬਣਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ, ਸੈਂਟਰਲ ਪਾਰਕ ਅਤੇ ਮਾਨਸਾ ਖੁਰਦ ਵਿਖੇ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਜਿੱਥੇ ਵਿਦਿਆਰਥੀ ਨੂੰ ਲੋੜੀਂਦੀਆਂ ਕਿਤਾਬਾਂ ਅਤੇ ਸਾਹਿਤ ਪੜ੍ਹਨ ਲਈ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਸੀ.ਜੇ.ਐਮ. ਗੁਰਜੀਤ ਕੌਰ ਢਿੱਲੋਂ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਗੁਰਮੋਹਨ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ, ਧਰਮ ਪਤਨੀ ਡਿਪਟੀ ਕਮਿਸ਼ਨਰ ਮੈਡਮ ਨਿੱਤਿਆ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *