ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਇਕ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਪਲਟਵਾਰ ਕੀਤਾ ਅਤੇ ਕਿਹਾ ਸੀ ਕਿ ਦੇਸ਼ ’ਚ ਵੰਸ਼ਵਾਦੀ ਸਿਆਸਤ ਖ਼ਤਮ ਹੋ ਰਹੀ ਹੈ ਤੇ ਸੱਚਾ ਲੋਕਤੰਤਰ ਉੱਭਰ ਰਿਹਾ ਹੈ। ਖੜਗੇ ਨੇ ਸੋਮਵਾਰ ਨੂੰ ਓਡੀਸ਼ਾ ’ਚ ਪਾਰਟੀ ਦੀ ਇਕ ਬੈਠਕ ’ਚ ਦਾਅਵਾ ਕੀਤਾ ਸੀ ਕਿ ਜੇਕਰ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਮੁੜ ਜਿੱਤਦੀ ਹੈ ਤਾਂ ਦੇਸ਼ ’ਚ ਚੋਣਾਂ ਨਹੀਂ ਹੋਣਗੀਆਂ ਅਤੇ ਤਾਨਾਸ਼ਾਹੀ ਆਵੇਗੀ।
ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਖੜਗੇ ਦੀ ਟਿਪਣੀ ’ਤੇ ਪਲਟਵਾਰ ਕਰਦਿਆਂ ਕਿਹਾ, ‘‘ਲੋਕਤੰਤਰ ਦੇ ਨਾਂ ’ਤੇ ਵੰਸ਼ਵਾਦੀ ਸਿਆਸਤ ਖਤਮ ਹੋ ਰਹੀ ਹੈ ਅਤੇ ਉਹ ਸੋਚ ਰਹੇ ਹਨ ਕਿ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ।’’ ਤ੍ਰਿਵੇਦੀ ਨੇ ਕਿਹਾ, ‘‘ਭਾਵੇਂ ਜੰਮੂ-ਕਸ਼ਮੀਰ ’ਚ ਅਬਦੁੱਲਾ ਅਤੇ ਮੁਫਤੀ ਪਰਵਾਰ ਹੋਣ ਜਾਂ ਪੰਜਾਬ ’ਚ ਬਾਦਲ, ਹਰਿਆਣਾ ’ਚ ਹੁੱਡਾ, ਉਹ ਸਾਰੇ ਚੋਣਾਂ ਹਾਰ ਗਏ। ਅਸ਼ੋਕ ਗਹਿਲੋਤ ਦੇ ਬੇਟੇ ਵੀ ਚੋਣ ਹਾਰ ਗਏ। ਲਾਲੂ ਪ੍ਰਸਾਦ ਯਾਦਵ ਦੀ ਬੇਟੀ ਬਿਹਾਰ ਵਿਧਾਨ ਸਭਾ ਚੋਣਾਂ ਹਾਰ ਗਈ ਹੈ। ਵੰਸ਼ਵਾਦੀ ਸਿਆਸਤ ਦੇ ਸੱਭ ਤੋਂ ਵੱਡੇ ਪ੍ਰਤੀਕ ਰਾਹੁਲ ਗਾਂਧੀ ਚੋਣ ਹਾਰ ਗਏ।’’
ਉਨ੍ਹਾਂ ਕਿਹਾ, ‘‘ਖੜਗੇ ਜੀ ਜੋ ਕਹਿ ਰਹੇ ਹਨ, ਉਸ ਦਾ ਅਸਲ ਮਤਲਬ ਇਹ ਹੈ ਕਿ ਲੋਕਤੰਤਰ ਦੇ ਨਾਂ ’ਤੇ ’ਚ ਚੱਲ ਰਹੀ ਵੰਸ਼ਵਾਦੀ ਸਿਆਸਤ ਨੂੰ ਪਿਛਲੀਆਂ ਚੋਣਾਂ ’ਚ ਵੋਟਰਾਂ ਨੇ ਪੂਰੀ ਤਰ੍ਹਾਂ ਰੱਦ ਕਰ ਦਿਤਾ ਸੀ। ਸੱਚੇ ਲੋਕਤੰਤਰ ਦਾ ਅਸਲ ਉਭਾਰ ਹੋ ਰਿਹਾ ਹੈ।’’
ਤ੍ਰਿਵੇਦੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਭਾਰਤ ਵਿਚ ਸਿਰਫ ਦੋ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਲੋਕਤੰਤਰੀ ਢੰਗ ਨਾਲ ਚੁਣੇ ਗਏ ਹਨ। ਭਾਜਪਾ ਬੁਲਾਰੇ ਨੇ ਦਾਅਵਾ ਕੀਤਾ ਕਿ ਅਪ੍ਰੈਲ 1946 ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ 16 ਵੋਟਾਂ ਨੂੰ ਛੱਡ ਕੇ ਸਾਰੀਆਂ ਵੋਟਾਂ ਸਰਦਾਰ ਵਲਭ ਭਾਈ ਪਟੇਲ ਨੂੰ ਮਿਲੀਆਂ ਸਨ। ਉਨ੍ਹਾਂ ਕਿਹਾ, ‘‘ਨਹਿਰੂ ਨੂੰ ਕੋਈ ਵੋਟ ਨਹੀਂ ਮਿਲੀ। ਇਹ ਆਚਾਰੀਆ ਕ੍ਰਿਪਾਲਾਨੀ ਅਤੇ ਮੌਲਾਨਾ ਆਜ਼ਾਦ ਦੀਆਂ ਕਿਤਾਬਾਂ ’ਚ ਹੈ।’’ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਚੁਣਿਆ ਸੀ ਨਾ ਕਿ ਲੋਕਾਂ ਨੇ।
ਉਨ੍ਹਾਂ ਕਿਹਾ, ‘‘ਕੀ ਇੰਦਰਾ ਗਾਂਧੀ ਪਹਿਲੀ ਵਾਰ ਵੋਟਾਂ ਨਾਲ ਸੱਤਾ ’ਚ ਆਈ ਸੀ? ਨਹੀਂ, ਉਹ ਕਾਂਗਰਸ ਦੇ ਅੰਦਰੂਨੀ ਫੈਸਲੇ ਨਾਲ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੀ ਸੀ।’’ ਤ੍ਰਿਵੇਦੀ ਨੇ ਕਿਹਾ ਕਿ ਰਾਜੀਵ ਗਾਂਧੀ ਇੰਦਰਾ ਗਾਂਧੀ ਦੇ ਦੁਖਦਾਈ ਕਤਲ ਤੋਂ ਪੈਦਾ ਹੋਏ ਹਾਲਾਤ ’ਚ ਪ੍ਰਧਾਨ ਮੰਤਰੀ ਬਣੇ ਸਨ।