ਭਾਰਤੀ ਮਿਆਰ ਬਿਊਰੋ ਨੇ ਜਿਲ੍ਹਾ ਮੋਗਾ ਵਿਖੇ ਜਾਗਰੂਕਤਾ ਕੈਂਪ ਲਾਇਆ

ਮੋਗਾ, 23 ਜਨਵਰੀ (000) – ਡਿਪਟੀ ਕਮਿਸ਼ਨਰ ਮੋਗਾ ਸ੍ਰੀ ਕੁਲਵੰਤ ਸਿੰਘ ਆਈ.ਏ.ਐਸ. ਅਤੇ ਸ਼੍ਰੀਮਤੀ ਅਨੀਤਾ ਦਰਸ਼ੀ ਵਧੀਕ ਡਿਪਟੀ ਕਮਿਸ਼ਨਰ ਅਤੇ ਸ੍ਰੀ ਹਰਜਿੰਦਰ ਸਿੰਘ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਗਾ ਦੇ ਸਹਿਯੋਗ ਨਾਲ ਭਾਰਤੀ ਮਿਆਰ ਬਿਊਰੋ (ਖਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰਾਲਿਆ ਭਾਰਤ ਸਰਕਾਰ) ਚੰਡੀਗੜ੍ਹ ਸ਼ਾਖਾ ਦਫਤਰ ਸੀ.ਐਚ.ਬੀ.ਓ. ਵੱਲੋਂ ਅੱਜ ਮੋਗਾ-1/2 ਵਿਖੇ ਬੀ.ਡੀ.ਪੀ.ਓ. ਸ਼੍ਰੀ ਰਾਜਵਿੰਦਰ ਸਿੰਘ ਦੀ ਅਗਵਾਈ ਵਿੱਚ ਜਾਗਰੂਕਤਾ ਕੈਂਪ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿੱਚ 55 ਸਰਪੰਚਾਂ ਪੰਚਾਂ ਅਤੇ ਸੰਮਤੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪਿੰਡਾਂ ਲਈ ਬੀ.ਆਈ.ਐੱਸ. ਮਿਆਰਾਂ ਦੇ ਵਿਕਾਸ ਬਾਰੇ ਕਿਤਾਬਚਾ ਅਤੇ ਫਲਾਇਰ ਅਤੇ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਭਾਗੀਦਾਰਾਂ ਵਿਚ ਵੰਡੀ ਗਈ ਤਾਂ ਜੋ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਨਾਲ-ਨਾਲ ਖੇਤੀ ਸੈਕਟਰ ਦੇ ਗਿਆਨ ਵਿਚ ਵਾਧਾ ਕੀਤਾ ਜਾ ਸਕੇ। ਇਸ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਵਿਕਾਸ ਗਤੀਵਿਧੀ, ਨਿੱਜੀ ਲੋੜਾਂ ਜਾਂ ਖੇਤਾਂ ਵਿੱਚ ਸਿੰਚਾਈ ਸਰੋਤ ਬਣਾਉਣ ਸਮੇਂ ਮਿਆਰੀ ਸਾਮਾਨ ਖਰੀਦਣ ਲਈ ਮਿਆਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਭਾਗੀਦਾਰਾਂ ਨੇ ਬੀ.ਆਈ ਐੱਸ. ਕੇਅਰ ਐਪ ਨੂੰ ਵੀ ਡਾਊਨਲੋਡ ਕੀਤਾ ਅਤੇ ਅਸਲ ਆਈ.ਐੱਸ.ਆਈ. ਮਾਰਕ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇਸ ਐਪ ਦੀ ਵਰਤੋਂ ਕਰਨਾ ਸਿੱਖਿਆ ਤਾਂ ਜੋ ਰੋਜ਼ਾਨਾ ਜੀਵਨ ਵਿਚ ਮਿਆਰਾਂ ਬਾਰੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਜਾ ਸਕੇ। ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਮਹਿਲਾ ਪੰਚਾਇਤ ਮੈਂਬਰਾਂ ਨੇ ਹਾਲ ਮਾਰਕਿੰਗ ਅਤੇ ਬੀ.ਆਈ.ਐੱਸ.ਕੇਅਰ ਐਪ ‘ਤੇ ਚਰਚਾ ਵਿਚ ਉਤਸ਼ਾਹ ਨਾਲ ਹਿੱਸਾ ਲਿਆ।ਭਾਗੀਦਾਰਾਂ ਨੇ ਬੜੇ ਜੋਸ਼ ਨਾਲ ”ਜਾਗੋ ਗ੍ਰਾਹਕ ਜਾਗੋ” ਦਾ ਨਾਅਰਾ ਵੀ ਲਗਾਇਆ। ਭਾਗੀਦਾਰਾਂ ਨੇ ਵਰਕਸ਼ਾਪ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਦੀ ਪ੍ਰਭਾਵੀ ਵਰਤੋਂ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਗੀਦਾਰ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਹ ਬੀ. ਆਈ. ਐੱਸ. ਕੇਅਰ ਐਪ ਤੇ ਸਿੱਧੇ ਤੌਰ ‘ਤੇ ਸ਼ਿਕਾਇਤ ਕਰ ਸਕਦੇ ਹਨ ਅਤੇ ਸਟੈਂਡਰਡ ਮਾਰਕ ਦੀ ਦੁਰਵਰਤੋਂ ਦੀ ਜਾਂਚ ਕਰ ਸਕਦੇ ਹਨ। ਹਾਜ਼ਰੀਨ ਨੇ ਬੀ. ਆਈ. ਐੱਸ. ਮਾਰਕਿੰਗ ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨ ਦੇ ਸਾਧਨਾਂ ਤੇ ਪ੍ਰਾਪਤ ਕੀਤੇ ਨਵੇਂ ਗਿਆਨ ਬਾਰੇ ਚਾਨਣਾ ਪਾਉਣ ਲਈ ਧੰਨਵਾਦ ਕੀਤਾ ਅਤੇ ਆਪਣੇ-ਆਪਣੇ ਪਿੰਡਾਂ ਵਿਚ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਵਰਿੰਦਰ ਸਿੰਘ ਸੁਪਰਡੈਂਟ ਪੰਚਾਇਤ ਸੰਮਤੀ ਮੋਗਾ-2 ਨੇ ਇਸ ਵਰਕਸ਼ਾਪ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਅਹਿਮ ਯੋਗਦਾਨ ਦਿੱਤਾ। ਇਸ ਮੌਕੇ ਆਏ ਹੋਏ ਪੰਚਾਂ ਅਤੇ ਸਰਪੰਚਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਬੀ.ਡੀ.ਪੀ.ਓ. ਸ਼੍ਰੀ ਰਾਜਵਿੰਦਰ ਸਿੰਘ ਜੀ ਨੇ ਬੀ.ਆਈ.ਐਸ ਤੋਂ ਆਏ ਹੋਏ ਸ.ਦਲਬੀਰ ਸਿੰਘ (ਸਲਾਹਕਾਰ ਬੀ.ਆਈ.ਐਸ.) ਸ੍ਰੀ ਸੁਰੇਸ਼ ਜੈਨ (ਰਿਸੋਰਸ ਪਰਸਨ) ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *