ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਫਰਵਰੀ:
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸ੍ਰੀ ਹਰਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਅਤੇ ਗੁਰਦੁਆਰਾ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਜ਼ਿਲ੍ਹੇ ਚੋਂ 43 ਸ਼ਰਧਾਲੂਆਂ ਦੀ 15ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਆਪਣੇ ਦਫ਼ਤਰ, ਸੈਕਟਰ 79, ਮੋਹਾਲੀ ਤੋਂ ਰਵਾਨਾ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਵਸਨੀਕ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਹਜ਼ਾਰਾਂ ਹੀ ਸ਼ਰਧਾਲੂ
ਪੰਜਾਬ ਅਤੇ ਪੰਜਾਬ ਤੋਂ ਬਾਹਰ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਜਾਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਯਾਤਰਾ ਤੇ ਜਾਣ ਦੇ ਲਈ ਲੋੜੀਂਦਾ ਸਮਾਨ ਕਿੱਟ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ, ਤਾਂ ਕਿ ਰਸਤੇ ਵਿੱਚ ਵੀ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਹਨਾਂ ਕਿਹਾ ਕਿ ਅੱਜ ਤੱਕ ਵੱਖ-ਵੱਖ ਤੀਰਥ ਸਥਾਨਾਂ ਦੀ ਯਾਤਰਾ ਤੇ ਜਾ ਚੁੱਕੇ ਸ਼ਰਧਾਲੂ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੁਆਰਾ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਉਂ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕਰਕੇ ਹਜ਼ਾਰਾਂ ਬਜ਼ੁਰਗਾਂ ਮਾਪਿਆਂ ਦੇ ਲਈ ਪੁੱਤਰ ਦਾ ਰੋਲ ਨਿਭਾ ਕੇ ਉਹਨਾਂ ਨੂੰ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਦੇਸ਼ ਦੇ ਵਿੱਚ ਕਿਸੇ ਵੀ ਪ੍ਰਦੇਸ਼ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਨਿਵੇਕਲੀ ਯੋਜਨਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਦੀ ਤਰਫੋਂ ਸਿਹਤ ਅਤੇ ਸਿੱਖਿਆ ਦੇ ਪ੍ਰਬੰਧਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ, ਉੱਥੇ ਵੱਖ-ਵੱਖ ਲੋਕ ਪੱਖੀ ਸਕੀਮਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜਿਸ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਦੇ ਸਥਾਈ ਹੱਲ ਦੇ ਲਈ ਸਰਕਾਰ ਖੁਦ ਜਨਤਾ ਦੇ ਦੁਆਰ ਤੇ ਜਾ ਕੇ, ਉਹਨਾਂ ਦੇ ਕੰਮ ਕਰ ਰਹੀ ਹੈ।
ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਆਪ ਆਗੂ ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਆਰ.ਪੀ. ਸ਼ਰਮਾ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਹਰਵਿੰਦਰ ਸਿੰਘ ਸੈਣੀ, ਬਲਾਕ ਪ੍ਰਧਾਨ ਅਕਵਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ।