ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਬੱਚੀਆਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਅਤੇ ਲਿੰਗ ਅਨੁਪਾਤ ਵਿੱਚ ਸਮਤੋਲ ਲਿਆਉਣ ਲਈ ਜਾਗਰੂਕਤਾ ਗਤੀਵਿਧੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਸਤੰਬਰ, 2024: ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਬੱਚੀਆ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਅਤੇ ਲਿੰਗ ਅਨੁਪਾਤ ਵਿੱਚ ਸੰਤੁਲਨ ਕਾਇਮ ਕਰਨ ਲਈ ਨਿਰੰਤਰ ਯਤਨ ਜਾਰੀ ਹਨ, ਜਿਨ੍ਹਾਂ ਤਹਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਲਿੰਗ ਅਨੁਪਾਤ ‘ਚ ਸੁਧਾਰ, ਮਹਿਲਾ ਸਸ਼ਕਤੀਕਰਨ ਅਤੇ ਲੜਕੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ ਜਾਗਰੂਕਤਾ ਦੇ ਤਹਿਤ ਸਮਾਜ ਵਿੱਚ ਲੜਕੀਆਂ ਪ੍ਰਤੀ ਆਮ ਜਨਤਾ ਦੀ ਸੋਚ ਨੂੰ ਬਦਲਣ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਐੱਸ.ਏ.ਐੱਸ.ਨਗਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਅਧੀਨ ਜਾਗਰੂਕਤਾ ਗਤੀਵਿਧੀਆਂ ਤਹਿਤ ਪਹਿਲਾਂ ਖਰੜ-ਕੁਰਾਲੀ ਫ਼ਲਾਈਓਵਰ ਦੀਆਂ ਦੀਵਾਰਾਂ ਤੇ ਗ੍ਰੈਫਿਟੀ ਕਰਵਾ ਕੇ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਣ ਵਾਲੀਆਂ ਧੀਆਂ ਦੀ ਜਾਣਕਾਰੀ ਸਮੇਤ ਤਸਵੀਰਾਂ ਦੇਣ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ ਜ਼ੀਰਕਪੁਰ ਫਲਾਈਓਵਰ (ਨੇੜੇ ਕੋਸਮੋ ਮਾੱਲ ) ‘ਤੇ ਕਰੀਬ 5000 ਵਰਗ ਫੁੱਟ ਏਰੀਏ ਵਿੱਚ ਵਾਲ ਪੇਂਟਿੰਗ ਬਣਾਈ ਗਈ ਹੈ, ਜੋ ਕਿ ਧੀਆਂ ਦੀ ਸਾਂਭ-ਸੰਭਾਲ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਵਿਭਾਗ ਵੱਲੋਂ ਨਵਾਂ ਚੰਡੀਗੜ੍ਹ ਤੇ ਡੇਰਾਬੱਸੀ ਦੇ ਫ਼ਲਾਈ ਓਵਰਾਂ ਤੇ ਵੀ ਅਜਿਹੀਆਂ ਵਾਲ ਪੇਂਟਿੰਗਾਂ ਕਰਵਾਈਆਂ ਜਾਣਗੀਆਂ ਤਾਂ ਜੋ ਜ਼ਿਲ੍ਹਾ ਪ੍ਰਸ਼ਾਸ਼ਨ ਐੱਸ.ਏ.ਐੱਸ.ਨਗਰ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਇਸ ਉਦਮ ਸਦਕਾ ਆਮ ਲੋਕਾਂ ਵਿੱਚ ਲੜਕੀਆਂ ਪ੍ਰਤੀ ਸਤਿਕਾਰ ਦੀ ਭਾਵਨਾ ਵਿੱਚ ਵਾਧਾ ਹੋ ਸਕੇ ਅਤੇ ਲੜਕੇ ਅਤੇ ਲੜਕੀ ਵਿੱਚ ਕੀਤੇ ਜਾਂਦੇ ਫ਼ਰਕ ਨੂੰ ਦੂਰ ਕਰਨ ਲਈ ਲੋਕ ਚੇਤਨਾ ਪੈਦਾ ਕੀਤੀ ਜਾ ਸਕੇ।

Leave a Reply

Your email address will not be published. Required fields are marked *