ਜਨਮ ਤੋਂ ਬਾਅਦ ਬੱਚੇ ਨੂੰ ਪਹਿਲਾਂ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ : ਡਾ. ਰੋਹਿਤ ਗੋਇਲ

ਫਾਜ਼ਿਲਕਾ 20 ਨਵੰਬਰ :

ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਹਸਪਤਾਲ ਫਾਜ਼ਿਲਕਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਗੋਇਲ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਨੈਸ਼ਨਲ ਨਿਊ ਬੋਰਨ ਵੀਕ ਤਹਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਚਿਆਂ ਦੇ ਰੋਗਾਂ ਦੇ ਮਾਹਰ ਡਾ. ਰਿੰਕੂ ਚਾਵਲਾ ਨੇ ਨਵਜਨਮੇ ਬੱਚਿਆਂ ਦੇ ਟੀਕਾਕਰਨ ਲਈ ਆਏ ਮਾਪਿਆਂ ਨੂੰ ਬੱਚਿਆਂ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ।

ਆਪਣੇ ਸੰਬੋਧਨ ਵਿਚ ਐਸਐਮਓ ਡਾ. ਰੋਹਿਤ ਗੋਇਲ ਤੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਰਿੰਕੂ ਚਾਵਲਾ ਨੇ ਕਿਹਾ ਕਿ ਘਰ ਵਿੱਚ ਨਵਜਾਤ ਬੱਚੇ ਨੂੰ ਹਮੇਸ਼ਾ ਸਾਫ ਕੱਪੜਿਆਂ ਵਿੱਚ ਲਪੇਟ ਕੇ ਰੱਖਣਾ ਚਾਹੀਦਾ ਹੈ। ਬੱਚੇ ਨੂੰ ਕੋਈ ਗੁੜਤੀ ਆਦਿ ਨਾ ਦਿਤੀ ਜਾਵੇ, ਜਨਮ ਤੋਂ ਬਆਦ ਬੱਚੇ ਨੂੰ ਕੇਵਲ ਮਾਂ ਦਾ ਪਹਿਲਾਂ ਗਾੜਾ ਪੀਲਾ ਦੁੱਧ ਪਿਲਾਉਣਾ ਚਾਹੀਦਾ ਹੈ।

ਉਹਨਾਂ ਨੇ ਦੱਸਿਆ ਕਿ ਆਮ ਤੋਰ ਦੇਖਣ ਵਿੱਚ ਆਉਦਾ ਕਿ ਰਿਸ਼ਤੇਦਾਰ ਅਤੇ ਹੋਰ ਸਾਕ ਸਬੰਧੀ ਬੱਚੇ ਨੂੰ ਚੁੱਕਣ ਜਾਂ ਹੱਥ ਲਗਾਉਣ ਲੱਗ ਜਾਦੇ ਹਨ, ਜਿਸ ਨਾਲ ਬੱਚੇ ਨੂੰ ਇਨਫੈਕਸ਼ਨ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਇਹ ਹਫਤਾ 21 ਨਵੰਬਰ ਤੱਕ ਜਿਲੇ ਦੇ ਸਮੂਹ ਸਿਹਤ ਸੰਸਥਾਵਾਂ ਤੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਵਿੱਚ ਨਵਜਾਤ ਦੀ ਸੰਭਾਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਨਵਜੰਮੇ ਬੱਚੇ ਨੂੰ ਜਨਮ ਤੋਂ 24 ਘੰਟੇ ਦੇ ਅੰਦਰ ਅੰਦਰ ਡੋਜ ਪੋਲੀਓ, ਹੈਪੇਟਾਇਟਸ ਬੀ ਅਤੇ ਬੀਸੀਜੀ ਦਾ ਟੀਕਾ ਜਰੂਰ ਲਗਵਾਇਆ ਜਾਵੇ। ਨਵਜੰਮੇ ਬੱਚੇ ਨੂੰ ਠੰਡ ਤੋ ਬਚਾਉਣ ਲਈ ਪੂਰੀ ਤਰਾਂ ਢੱਕ ਕੇ ਰੱਖਣਾ ਚਾਹੀਦਾ ਹੈ। ਨਵ ਜੰਮੇ ਬੱਚੇ ਵਿੱਚ ਖਤਰੇ ਚਿੰਨਾਂ ਬਾਰੇ ਦੱਸਦਿਆ ਕਿਹਾ ਕਿ ਬੱਚੇ ਦੁਆਰਾ ਦੁੱਧ ਨਾ ਪੀਂਣਾ, ਜਿਆਦਾ ਸੋਣਾ, ਛੂਹਣ ਤੇ ਠੰਡਾ ਲੱਗਣਾ, ਪੇਟ ਅਫਰਨਾ, ਜਿਆਦਾ ਰੋਣਾ, ਸਾਹ ਲੈਣ ਵਿੱਚ ਔਖ ਜਾ ਤੇਜ ਸਾਹ ਲੈਣਾ, ਚਮੜੀ ਦਾ ਰੰਗ ਪੀਲਾ ਪੈਣਾ ਅਤੇ ਲਗਾਤਾਰ ਉਲਟੀਆਂ ਆਉਣਾ ਆਦਿ ਮੁੱਖ ਲੱਛਣ ਹਨ।

ਉਹਨਾਂ ਕਿਹਾ ਕਿ ਜੇਕਰ ਦੱਸੇ ਗਏ ਅਜਿਹੇ ਕੋਈ ਚਿੰਨ ਬੱਚੇ ਵਿੱਚ ਨਜਰ ਆਉਦੇ ਹਨ ਤਾਂ ਬੱਚੇ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਲਿਜਾਇਆ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਕਰਮਚਾਰੀ ਹਰਮੀਤ ਸਿੰਘ, ਦਿਵੇਸ਼ ਕੁਮਾਰ, ਬੀਸੀਸੀ ਸੁਖਦੇਵ ਸਿੰਘ, ਏਐਨਐਮ ਸ਼ਾਲੂ ਰਾਣੀ, ਆਸ਼ਾ ਵਰਕਰ ਨਿਸ਼ਾ ਰਾਣੀ, ਪਾਰਸ ਕਟਾਰੀਆ ਤੋਂ ਇਲਾਵਾ ਹੋਰ ਸਟਾਫ ਹਾਜਰ ਸੀ।

Leave a Reply

Your email address will not be published. Required fields are marked *