ਨੰਗਲ 05 ਮਈ ()
ਬਰਸਾਤਾ ਦੇ ਮੌਸਮ ਦੌਰਾਨ ਫਲੈਸ਼ ਫਲੱਡ ਅਤੇ ਭਾਖੜਾ ਡੈਮ ਤੋ ਵਾਧੂ ਮਾਤਰਾ ਵਿਚ ਪਾਣੀ ਛੱਡਣ ਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਹੋਣ ਕਾਰਨ ਅਕਸਰ ਹੀ ਇਸ ਇਲਾਕੇ ਦੇ ਸਵਾਂ ਅਤੇ ਸਤਲੁਜ ਦੇ ਕੰਢੇ ਦੀਆਂ ਵਾਹੀਯੋਗ ਜਮੀਨਾ ਤੇ ਆਮ ਲੋਕਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਸੀ, ਪ੍ਰੰਤੂ ਹੁਣ ਸਰਕਾਰ ਨੇ ਸਟੱਡ ਅਤੇ ਡੰਗੇ ਲਗਾ ਕੇ ਆਮ ਲੋਕਾਂ ਦੇ ਜਾਨ ਮਾਲ ਦੀ ਰਾਖੀ ਦੇ ਪੁਖਤਾ ਪ੍ਰਬੰਧ ਕੀਤੇ ਹਨ।
ਇਹ ਜਾਣਕਾਰੀ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਉਚੇਰੀ ਸਿੱਖਿਆ, ਸਕੂਲ ਸਿੱਖਿਆ , ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਭੰਗਲਾਂ ਵਿਖੇ ਸਵਾਂ ਨਦੀ ਤੇ 48 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਡੰਗੇ ਅਤੇ ਸਟੱਡ ਦੇ ਮੁਕੰਮਲ ਹੋਏ ਕੰਮ ਦਾ ਨਿਰੀਖਣ ਕਰਨ ਮੌਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਵਾਂ ਵਿੱਚ ਜਦੋਂ ਫਲੈਸ਼ ਫਲੱਡ ਆਉਦਾ ਹੈ ਤਾਂ ਲੋਕਾਂ ਦੀਆਂ ਵਾਹੀਯੋਗ ਜ਼ਮੀਨਾਂ ਫਸਲਾਂ ਅਤੇ ਘਰਾਂ ਦਾ ਨੁਕਸਾਨ ਕਰਦਾ ਹੈ, ਪਿਛਲੇ ਸਾਲਾ ਦੌਰਾਨ ਜਦੋਂ ਬਰਸਾਤਾਂ ਦਾ ਮੌਸਮ ਆਇਆ ਤਾਂ ਅਸੀ ਇਸ ਇਲਾਕੇ ਦਾ ਜ਼ਮੀਨੀ ਪੱਧਰ ਤੇ ਜਾ ਕੇ ਜਾਇਜ਼ਾ ਲਿਆ, ਉਸ ਸਮੇਂ ਕਰਵਾਏ ਸਰਵੇਖਣ ਅਨੁਸਾਰ ਜਿਹੜੇ ਇਲਾਕੇ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਤੋ ਸਵਾਂ ਨਦੀ ਨਾਲ ਪ੍ਰਭਾਵਿਤ ਹੋ ਜਾਂਦੇ ਸੀ, ਉਨ੍ਹਾਂ ਦੇ ਆਲੇ ਦੁਆਲੇ ਦੇ ਬੰਨ੍ਹ ਮਜਬੂਤ ਕਰਨ ਅਤੇ ਮਜਬੂਤ ਡੰਗੇ ਤੇ ਸਟੱਡ ਲਗਵਾਉਣ ਲਈ ਸਰਕਾਰ ਤੋ ਫੰਡ ਉਪਲੱਬਧ ਕਰਵਾਏ ਗਏ। ਮਹਿੰਦਪੁਰ ਤੋ ਭੰਗਲਾ ਦਾ ਇਲਾਕਾ ਜੋ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਸਾਤ ਹੋਣ ਕਾਰਨ ਸਵਾਂ ਵਿੱਚ ਆਏ ਫਲੈਸ਼ ਫਲੱਡ ਅਤੇ ਭਾਖੜਾ ਡੈਮ ਤੋ ਵਾਧੂ ਮਾਤਰਾਂ ਵਿਚ ਪਾਣੀ ਛੱਡਣ ਕਾਰਨ ਪ੍ਰਭਾਵਿਤ ਹੋ ਜਾਂਦਾ ਸੀ, ਉਸ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਗਿਆ। ਉਨ੍ਹਾਂ ਨੇ ਦੱਸਿਆ 48 ਲੱਖ ਰੁਪਏ ਦੀ ਲਾਗਤ ਨਾਂਲ ਮਜਬੂਤ ਡੰਗੇ ਅਤੇ ਸਟੱਡ ਲਗਾਏ ਗਏ, 700 ਮੀਟਰ ਦੇ ਡੰਗੇ ਲੱਗਣ ਨਾਲ ਇਹ ਇਲਾਕਾ, ਘਰ, ਖੇਤ ਅਤੇ ਪਸ਼ੂ ਧੰਨ ਹੁਣ ਬਰਸਾਤਾ ਦੌਰਾਨ ਫਲੈਸ਼ ਫਲੱਡ ਆਉਣ ਨਾਲ ਸੁਰੱਖਿਅਤ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਸਤਲੁਜ ਅਤੇ ਸਵਾਂ ਦੇ ਬੰਨ ਮਜਬੂਤ ਕਰਨ ਦਾ ਹੋਰ ਕੰਮ ਵੀ ਕਰਵਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਜਸਵਿੰਦਰ ਸਿੰਘ ਭੰਗਲਾ ਸਰਪੰਚ, ਗੁਰਨਾਮ ਸਿੰਘ, ਹੈਪੀ ਸੈਣੀ, ਜੈ ਪਾਲ, ਦੇਵਰਾਜ ਭਾਟੀਆ, ਹੁਸਨ ਚੰਦ, ਅਸ਼ੋਕ ਤੇ ਪਤਵੰਤੇ ਹਾਜ਼ਰ ਸਨ।