ਅੰਮ੍ਰਿਤਸਰ 2 ਮਈ:
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਦੇ ਹਿੱਤਾਂ ਲਈ ਵੱਚਨਬੱਧ ਹੈ ਅਤੇ ਆਮ ਲੋਕਾਂ ਨੇ ਹੀ ਸਾਨੂੰ ਚੁਣ ਕੇ ਭੇਜਿਆ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀ ਆਮ ਲੋਕਾਂ ਦੇ ਮੌਢੇ ਨਾਲ ਮੌਢਾ ਜੋੜ ਕੇ ਖੜੀਏ ਤੇ ਇੰਨ੍ਹਾਂ ਦੇ ਹਿੱਤਾਂ ਦੀ ਰਾਖੀ ਕਰੀਏ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਜੰਡਿਆਲਾ ਗੁਰੂ ਵਿਖੇ ਕੋਮਾਂਤਰੀ ਮਜਦੂਰ ਦਿਵਸ ਮੌਕੇ ਲੋੜਵੰਦਾ ਨੂੰ ਰਾਸ਼ਨ ਦੀ ਵੰਡ ਕਰਦੇ ਸਮੇ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮਜਦੂਰਾਂ ਦੇ ਸਨਮਾਨ ਅਤੇ ਭਲਾਈ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਜਦੂਰ ਸਮਾਜ ਦੇ ਵਿਕਾਸ ਵਿਚ ਰੀਡ ਦੀ ਹੱਡੀ ਹੈ ਅਤੇ ਉਨ੍ਹਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਸ: ਈ.ਟੀ.ਓ ਨੇ ਕਿਹਾ ਕਿ ਮਜ਼ਦੂਰ ਸਿਰਫ ਕੰਮ ਨਹੀ ਕਰਦੇ, ਉਹ ਦੇਸ਼ ਦੀ ਅਸਲੀ ਨੀਹ ਹਨ ਅਤੇ ਉਨ੍ਹਾਂ ਦੀ ਆਰਥਿਕ ਸਮਾਜਿਕ ਭਲਾਈ ਕਰਨਾ ਸਾਡੀ ਪ੍ਰਾਥਮਿਕਤਾ ਹੈ। ਉਨ੍ਹਾ ਕਿਹਾ ਕਿ ਇਹ ਮੁਹਿੰਮ ਸਿਰਫ ਇਕ ਦਿਨ ਹੀ ਨਹੀ, ਸਗੋ ਲਗਾਤਾਰ ਜਾਰੀ ਰਹੇਗੀ ਤਾਂ ਜੋ ਹਰੇਕ ਲੋੜਵੰਦ ਤੱਕ ਮਦਦ ਪਹੁੰਚ ਸਕੇ।ਉਨ੍ਹਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਵਿਚ ਆਪਣਾ ਸਾਥ ਦੇਣ।
ਸ: ਈ.ਟੀ.ਓ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਵੀ ਲੋੜਵੰਦਾ ਲਈ ਅਨੇਕ ਭਲਾਈ ਸਕੀਮਾਂ ਚਲਾਈਆ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕੇਵਲ ਅਮੀਰ ਲੋਕਾਂ ਦੇ ਹਿੱਤਾਂ ਦੀ ਹੀ ਰਾਖੀ ਕੀਤੀ ਹੈ ਜਦਕਿ ਸਾਡੀ ਸਰਕਾਰ ਹਰੇਕ ਵਰਗ ਦੀ ਸਹਾਇਤਾ ਲਈ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਵਰਗ ਨੂੰ 600 ਯੂਨਿਟ ਬਿਜਲੀ ਮੁਫਤ ਦਿੱਤੀ ਹੈ ਅਤੇ ਹਰੇਕ ਮਹਿਲਾ ਨੂੰ ਮੁਫਤ ਬੱਸ ਸਹੂਲਤ ਪ੍ਰਦਾਨ ਕੀਤੀ ਹੈ। ਇਸ ਮੌਕੇ ਮੈਡਮ ਸੁਹਿੰਦਰ ਕੌਰ, ਸ: ਸਤਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਆਪ ਦੇ ਵਰਕਰ ਹਾਜ਼ਰ ਸਨ।