ਸ੍ਰੀ ਅਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਪਿੰਡ ਜਿੰਦਵਡੀ ਦੇ ਨਿੱਜੀ ਸਕੂਲ ਦੇ ਵਿਦਿਆਰਥੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਰਾਹਤ ਭਰੀ ਗੱਲ ਇਹ ਰਹੀ ਕਿ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕੁੱਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਬੱਚਿਆਂ ਨਾਲ ਭਰੀ ਹੋਈ ਸੀ।
ਮੌਕੇ ’ਤੇ ਡਰਾਈਵਰ ਦੀ ਸੂਝ-ਬੂਝ ਨਾਲ ਵਿਦਿਆਰਥੀਆਂ ਦੀ ਜਾਨ ਬਚ ਗਈ। ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਵਿਦਿਆਰਥੀ ਸਕੂਲੀ ਬੱਸ ਵਿਚ ਵਾਪਿਸ ਜਾ ਰਹੇ ਸਨ ਕਿ ਅਣਪਛਾਤੇ ਵਾਹਨ ਨਾਲ ਬੱਸ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਸਕੂਲ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਅਜੇ ਸਿੰਘ ਵੀ ਆਪਣੀ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਹਾਲਾਤ ਨੂੰ ਕਾਬੂ ਹੇਠ ਕੀਤਾ। ਹਾਦਸੇ ਤੋਂ ਬਾਅਦ ਸੜਕ ’ਤੇ ਲੰਬਾ ਜਾਮ ਲੱਗ ਗਿਆ।
ਪੁਲਸ ਵੱਲੋਂ ਜਿੱਥੇ ਸੜਕ ਤੋਂ ਜਾਮ ਖੁਲਵਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ, ਉੱਥੇ ਹੀ ਬੱਚਿਆਂ ਨੂੰ ਆਪਣੀ ਪੁਲਸ ਵਾਲੀ ਗੱਡੀ ਅਤੇ ਐਂਬੂਲੈਂਸ ਨੂੰ ਮੌਕੇ ’ਤੇ ਬੁਲਾ ਕੇ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਜਾਇਆ ਗਿਆ।