ਦਰਿਆ ਪਾਰ ਖੇਤੀ ਕਰਦੇ ਕਿਸਾਨਾਂ ਲਈ ਬਣਾਇਆ ਜਾਵੇਗਾ ਪੱਕਾ ਪੁਲ- ਧਾਲੀਵਾਲ

ਅੰਮ੍ਰਿਤਸਰ 6 ਸਤੰਬਰ 2024 –

ਜੇਕਰ ਪਿਛਲੀਆਂ ਸਰਕਾਰਾਂ ਨੇ ਆਪਣੇ 70 ਸਾਲ ਦੇ ਰਾਜ ਦੌਰਾਨ ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਸਾਰ ਲਈ ਹੁੰਦੀ ਤਾਂ ਦਰਿਆ ਪਾਰ ਜਾ ਕੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਦਸ਼ਾ ਹੋਰ ਹੀ ਹੁੰਦੀ ਅਤੇ ਜਿਹੜੀਆਂ ਮੁਸ਼ਕਿਲਾਂ ਨੂੰ ਉਹ ਝੱਲ ਰਹੇ ਹਨ ਦਾ ਕਾਫ਼ੀ ਸਮਾਂ ਪਹਿਲਾਂ ਹੀ ਹੱਲ ਹੋ ਜਾਣਾ ਸੀ। 

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦ ਦੇ ਨਾਲ ਲਗਦੇ ਪਿੰਡ ਕੋਟ ਰਜਾਦਾ ਦਾ ਦੌਰਾ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਦਰਿਆ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਪੱਕਾ ਪੁੱਲ ਨਾ ਹੋਣ ਦੀ ਸੂਰਤ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨਾਂ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਲਈ ਗ੍ਰਹਿ ਵਿਭਾਗ ਅਤੇ ਰੱਖਿਆ ਵਿਭਾਗ ਨੂੰ ਪੰਜਾਬ ਸਰਕਾਰ ਵਲੋਂ ਪ੍ਰਸਤਾਵ ਭੇਜਿਆ ਜਾਵੇਗਾ ਕਿ ਇਥੇ ਪੱਕਾ ਪੁੱਲ ਬਣਾ ਦਿੱਤਾ ਜਾਵੇ।  ਉਨਾਂ ਕਿਹਾ ਕਿ ਇਥੇ ਪਹਿਲਾਂ ਪਲਟੂਨ ਪੁਲ ਬਣਾਇਆ ਹੋਇਆ ਹੈਜੋ ਕਿ ਬਾਰਸ਼ਾਂ ਦੇ ਦਿਨਾਂ ਵਿੱਚ ਖੋਲ ਦਿੱਤਾ ਜਾਂਦਾ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲ ਪੇਸ਼ ਵੀ ਆਉਂਦੀ ਹੈ। ਸ: ਧਾਲੀਵਾਲ ਨੇ ਕਿਹਾ ਕਿ ਅੱਜ ਉਹ ਆਪਣੇ ਨਾਲ ਐਕਸੀਐਨ ਪੀਡਬਲਯੂਡੀ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨਾਲ ਲੈ ਕੇ ਆਏ ਹਨ ਕਿ ਪੱਕਾ ਪੁੱਲ ਬਣਾਉਣ ਲਈ ਨਿਸ਼ਾਨਦੇਹੀ ਕੀਤੀ ਜਾਵੇ।

ਸ: ਧਾਲੀਵਾਲ ਨੇ ਕਿਹਾ ਕਿ ਇਸ ਪੁੱਲ ਦੇ ਬਣਨ ਤੇ ਕਰੀਬ 20 ਕਰੋੜ ਰੁਪਏ ਦਾ ਖਰਚ ਆਵੇਗਾਜੋ ਕਿ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪੁਲ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਰੱਖਿਆ ਅਤੇ ਗ੍ਰਹਿ ਵਿਭਾਗ ਤੋਂ ਮੰਜੂਰੀ ਲੈਣੀ ਜ਼ਰੂਰੀ ਹੈਜਿਸ ਕਰਕੇ ਇਸ ਪੁਲ ਨੂੰ ਬਣਨ ਵਿੱਚ ਕੁਝ ਸਮਾਂ ਲਗ ਸਕਦਾ ਹੈ। ਉਨਾਂ ਕਿਹਾ ਕਿ ਪੁਲ ਬਣਨ ਦੇ ਨਾਲ ਜਿਥੇ ਕਿਸਾਨਾਂ ਦੇ ਜ਼ਮੀਨਾਂ ਦੇ ਭਾਅ ਵੀ ਵਧਣਗੇਉਥੇ ਉਹ 12 ਮਹੀਨੇ ਆਪਣੀਆਂ ਫਸਲਾਂ ਦੀ ਦੇਖਭਾਲ ਕਰ ਸਕਣਗੇ।

ਸ: ਧਾਲੀਵਾਲ ਨੇ ਕਿਹਾ ਕਿ ਉਨਾਂ ਦਾ ਮੁੱਖ ਉਦੇਸ਼ ਅਜਨਾਲਾ ਹਲਕੇ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਕਿਸਾਨਾਂ ਨੂੰ ਜਿਥੋਂ ਤੱਕ ਹੋ ਸਕੇ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਕਿਸਾਨਾਂ ਦੇ ਹਿੱਤਾ ਲਈ ਵਚਨਬੱਧ ਹੈ ਅਤੇ ਉਨਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ।

Leave a Reply

Your email address will not be published. Required fields are marked *