ਮੋਗਾ, 16 ਜਨਵਰੀ:
ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਮਾਲ ਵਿਭਾਗ ਦੇ ਅਧਿਕਾਰੀ ਛੁੱਟੀ ਵਾਲੇ ਦਿਨ ਆਪਣੇ-ਆਪਣੇ ਦਫ਼ਤਰਾਂ ਵਿੱਚ ਸਪੈਸ਼ਲ ਕੈਂਪਾਂ ਰਾਹੀਂ ਲੰਬੇ ਸਮੇਂ ਤੋਂ ਪੈਡਿੰਗ ਪਏ ਇੰਤਕਾਲਾਂ ਦਾ ਨਿਪਟਾਰਾ ਕਰਨਗੇ। ਪੰਜਾਬ ਸਰਕਾਰ ਦੀ ਇਹ ਮੁਹਿੰਮ ਸਫ਼ਲਤਾਪੂਰਵਕ ਰਹੀ ਤੇ ਇਨ੍ਹਾਂ ਕੈਂਪਾਂ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਆਮ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਸਰਕਾਰ ਦੇ ਇਸ ਫੈਸਲੇ ਨਾਲ ਜ਼ਿਲ੍ਹਾ ਮੋਗਾ ਵਿੱਚ ਦੋ ਸਪੈਸ਼ਲ ਕੈਂਪਾਂ ਜਰੀਏ 1271 ਇੰਤਕਾਲਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜਨਵਰੀ ਨੂੰ ਲਗਾਏ ਗਏ ਕੈਂਪ ਜਰੀਏ ਤਹਿਸੀਲ ਮੋਗਾ ਵਿੱਚ 46, ਅਜੀਤਵਾਲ ਵਿੱਚ 53, ਧਰਮਕੋਟ ਵਿੱਚ 104, ਕੋਟ ਈਸੇ ਖਾਂ ਵਿੱਚ 15, ਬਾਘਾਪੁਰਾਣਾ ਵਿੱਚ 52, ਸਮਾਲਸਰ ਵਿੱਚ 38, ਨਿਹਾਲ ਸਿੰਘ ਵਾਲਾ ਵਿੱਚ 64 ਤੇ ਬੱਧਨੀਂ ਕਲਾਂ ਵਿੱਚ 61 ਪੈਂਡਿੰਗ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਪਹਿਲਾਂ ਮਿਤੀ 6 ਜਨਵਰੀ ਨੂੰ ਲਗਾਏ ਕੈਂਪ ਵਿੱਚ ਤਹਿਸੀਲ ਮੋਗਾ ਵਿੱਚ 193, ਅਜੀਤਵਾਲ ਵਿੱਚ 77, ਧਰਮਕੋਟ ਵਿੱਚ 186, ਕੋਟ ਈਸੇ ਖਾਂ ਵਿੱਚ 74, ਬਾਘਾਪੁਰਾਣਾ ਵਿੱਚ 181, ਸਮਾਲਸਰ ਵਿੱਚ 50, ਨਿਹਾਲ ਸਿੰਘ ਵਾਲਾ ਵਿੱਚ 51 ਤੇ ਬੱਧਨੀਂ ਕਲਾਂ ਵਿੱਚ 26 ਪੈਂਡਿੰਗ ਇੰਤਕਾਲਾਂ ਦਾ ਨਿਪਟਾਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਕਿ ਅੱਗੇ ਤੋਂ ਇੰਤਕਾਲਾਂ ਦੇ ਕੰਮ ਦੇਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇੰਤਕਾਲਾਂ ਦਾ ਕੰਮ ਤਹਿ ਸਮੇਂ ਅੰਦਰ ਕਰਨ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਉਹਨਾਂ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਵਿਚ ਜੇਕਰ ਕਿਸੇ ਵੀ ਪੱਧਰ ‘ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਬਾਬਤ ਹੈਲਪਲਾਈਨ ਨੰਬਰ 8184900002 ਜਾਰੀ ਕੀਤਾ ਹੋਇਆ ਹੈ ਜਿਸ’ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ। ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ’ਤੇ ਭੇਜ ਸਕਦੇ ਹਨ।