ਪੰਜਾਬ ‘ਚ ਲਗਾਤਾਰ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਵਲੋਂ ਸੂਬੇ ‘ਚ ਇਕ ਵਾਰ ਫਿਰ ਆਉਣ ਵਾਲੇ 2 ਦਿਨਾਂ 13-14 ਜਨਵਰੀ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦਿਨ ਦੀ ਠੰਡ ਬਰਕਰਾਰ ਰਹੇਗੀ ਅਤੇ ਰਾਤ ਵੇਲੇ ਵੀ ਤਾਪਮਾਨ ਹੇਠਾਂ ਡਿੱਗੇਗਾ। ਇਸ ਦੌਰਾਨ ਕਈ ਇਲਾਕਿਆਂ ‘ਚ ਰਾਤ ਵੇਲੇ ਤਾਪਮਾਨ 2 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਡਿੱਗ ਸਕਦਾ ਹੈ।
ਇਸ ਤੋਂ ਇਲਾਵਾ 15 ਅਤੇ 16 ਜਨਵਰੀ ਨੂੰ ਪੰਜਾਬ ‘ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਬਾਰੇ ਚੰਡੀਗੜ੍ਹ ਮੌਸਮ ਵਿਭਾਗ ਦੇ ਵਿਗਿਆਨੀ ਡਾ. ਸ਼ਵਿੰਦਰ ਨੇ ਕਿਹਾ ਕਿ ਇਨ੍ਹਾਂ 2 ਦਿਨਾਂ ਦੌਰਾਨ ਲੋੜ ਪੈਣ ‘ਤੇ ਹੀ ਘਰੋਂ ਬਾਹਰ ਨਿਕਲੋ ਅਤੇ ਜੇਕਰ ਹੋ ਸਕੇ ਤਾਂ ਸਵੇਰੇ ਅਤੇ ਰਾਤ ਵੇਲੇ ਡਰਾਈਵਿੰਗ ਨਾ ਕਰੋ। ਜੇਕਰ ਅਜਿਹਾ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਲੋਕ ਸੰਘਣੀ ਧੁੰਦ ਦੌਰਾਨ ਗੱਡੀ ਬਹੁਤ ਹੀ ਸਾਵਧਾਨੀ ਨਾਲ ਚਲਾਉਣ।
ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਟਰੇਨਾਂ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਹਨ, ਉਹ ਰੇਲਵੇ ਸਟੇਸ਼ਨ ਜਾਣ ਤੋਂ ਪਹਿਲਾਂ ਪਤਾ ਕਰ ਲੈਣ ਕਿ ਕਿਤੇ ਟਰੇਨਾਂ ਲੇਟ ਨਾ ਹੋਣ। ਡਾ. ਸ਼ਵਿੰਦਰ ਨੇ ਦੱਸਿਆ ਕਿ ਸਰਦੀ ਦੇ ਮੌਸਮ ‘ਚ ਗਰਮ ਅਤੇ ਨਿੱਘ ਦੇਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰ ਹੀ ਰਹਿਣਾ ਚਾਹੀਦਾ ਹੈ। ਡਾ. ਸ਼ਵਿੰਦਰ ਨੇ ਦੱਸਿਆ ਕਿ ਆਉਣ ਵਾਲੇ 5 ਦਿਨਾਂ ਤੱਕ ਪੰਜਾਬ ਅਤੇ ਹਰਿਆਣਾ ‘ਚ ਮੌਸਮ ਖ਼ੁਸ਼ਕ ਹੀ ਰਹੇਗਾ।