ਮਾਰਕਫੈੱਡ ਦੇ ਐਮ.ਡੀ. ਵੱਲੋਂ ਖੰਨਾ ਦੀ ਅਨਾਜ ਮੰਡੀ ‘ਚ ਕਣਕ ਦੀ ਖਰੀਦ ਕਾਰਜ਼ਾਂ ਦਾ ਨਿਰੀਖਣ

ਖੰਨਾ/ਲੁਧਿਆਣਾ, 20 ਅਪ੍ਰੈਲ (000) – ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਗਿਰੀਸ਼ ਦਿਆਲਨ ਵੱਲੋਂਂੰ ਖੰਨਾ ਦੀ ਦਾਣਾ ਮੰਡੀ ਵਿਖੇ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣ ਕੀਤਾ।

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਗਿਰੀਸ਼ ਦਿਆਲਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਮਾਰਕਫੈੱਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਸੰਦੀਪ ਸਿੰਘ ਗੜ੍ਹਾ, ਚੀਫ ਮੈਨੇਜਰ ਯਸ਼ਪਾਲ ਸ਼ਰਮਾ ਦੇ ਨਾਲ ਦੱਸਿਆ ਕਿ ਕਣਕ ਦੀ ਲਿਫਟਿੰਗ, ਖਰੀਦ ਅਤੇ ਢੋਆ-ਢੁਆਈ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ।

ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਸਾਰੇ ਭਾਈਵਾਲਾਂ ਦੇ ਸਰਗਰਮ ਸਹਿਯੋਗ ਨਾਲ ਨੇਪਰੇ ਚਾੜ੍ਹਨ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਦਿਆਲਨ ਨੇ ਸਮੂਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਯਮਿਤ ਤੌਰ ‘ਤੇ ਜ਼ਿਲ੍ਹਿਆਂ ਦਾ ਦੌਰਾ ਕਰਨ ਅਤੇ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਵੀ ਆਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਮਦ ਅਤੇ ਖਰੀਦ ਦੀ ਰਫ਼ਤਾਰ ਤੇਜ਼ ਹੋਵੇਗੀ ਇਸ ਲਈ ਅਧਿਕਾਰੀਆਂ ਨੂੰ ਤੁਰੰਤ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਤਿਆਰ ਰਹਿਣ ਦੀ ਲੋੜ ਹੈ।

ਬਾਅਦ ਵਿੱਚ ਅਧਿਕਾਰੀਆਂ ਨੇ ਸਮਰਾਲਾ ਦੀ ਅਨਾਜ ਮੰਡੀ ਦਾ ਵੀ ਦੌਰਾ ਕੀਤਾ।

ਇਸ ਦੌਰਾਨ ਵਿਚਾਰ-ਵਟਾਂਦਰੇ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧਾਂ ਸਦਕਾ ਅਨਾਜ ਮੰਡੀਆਂ ਵਿੱਚ ਪਈ ਫ਼ਸਲ ਨੂੰ ਖ਼ਰਾਬ ਮੌਸਮ ਤੋਂ ਬਚਾਇਆ ਜਾ ਸਕਿਆ ਹੈ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਅਨਾਜ ਮੰਡੀਆਂ ਵਿੱਚ 42372.90 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 77 ਫੀਸਦੀ ਏਜੰਸੀਆਂ ਵੱਲੋਂ ਖਰੀਦੀ ਗਈ ਹੈ।  ਕਿਸਾਨਾਂ ਨੂੰ 44.982 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਸੁੱਕੀ ਕਣਕ ਹੀ ਲਿਆਂਦੀ ਜਾਵੇ ਤਾਂ ਜੋ ਉਸਦੀ ਤੁਰੰਤ ਖਰੀਦ ਕੀਤੀ ਜਾ ਸਕੇ।

Leave a Reply

Your email address will not be published. Required fields are marked *