ਮਹਾਰਾਸ਼ਟਰ ਦੇ ਪੁਣੇ ਸ਼ਹਿਰ ’ਚ ਡਿਊਟੀ ’ਤੇ ਤਾਇਨਾਤ ਇਕ ਪੁਲਿਸ ਕਾਂਸਟੇਬਲ ਨੂੰ ਥੱਪੜ ਮਾਰਨ ਦੇ ਦੋਸ਼ ’ਚ ਭਾਜਪਾ ਦੇ ਇਕ ਵਿਧਾਇਕ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਮੁਤਾਬਕ ਸ਼ੁਕਰਵਾਰ ਨੂੰ ਵਾਪਰੀ ਇਸ ਘਟਨਾ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ। ਵੀਡੀਉ ’ਚ ਪੁਣੇ ਛਾਉਣੀ ਹਲਕੇ ਤੋਂ ਵਿਧਾਇਕ ਸੁਨੀਲ ਕਾਂਬਲੇ ਨੇ ਸਸੂਨ ਜਨਰਲ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਇਕ ਕਾਂਸਟੇਬਲ ਨੂੰ ਥੱਪੜ ਮਾਰਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਕਾਂਸਟੇਬਲ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕਾਂਬਲੇ ’ਤੇ ਭਾਰਤੀ ਦੰਡਾਵਲੀ ਦੀ ਧਾਰਾ 353 (ਸਰਕਾਰੀ ਕਰਮਚਾਰੀ ਨੂੰ ਉਸ ਦੀ ਡਿਊਟੀ ਨਿਭਾਉਣ ਤੋਂ ਰੋਕਣ ਲਈ ਹਮਲਾ ਜਾਂ ਅਪਰਾਧਕ ਤਾਕਤ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਸਮਾਰੋਹ ਸਸੂਨ ਜਨਰਲ ਹਸਪਤਾਲ ’ਚ ਕੀਤਾ ਗਿਆ ਸੀ ਜਿੱਥੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੀ ਮੌਜੂਦ ਸਨ। ਵੀਡੀਉ ’ਚ ਕਾਂਬਲੇ ਘਟਨਾ ਤੋਂ ਬਾਅਦ ਪੌੜੀਆਂ ਤੋਂ ਹੇਠਾਂ ਉਤਰਦੇ ਅਤੇ ਰਸਤੇ ’ਚ ਆਏ ਇਕ ਵਿਅਕਤੀ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ।
ਅਧਿਕਾਰੀ ਨੇ ਦਸਿਆ ਕਿ ਇਹ ਵਿਅਕਤੀ ਬੰਡਗਾਰਡਨ ਥਾਣੇ ’ਚ ਡਿਊਟੀ ’ਤੇ ਤਾਇਨਾਤ ਕਾਂਸਟੇਬਲ ਸੀ। ਕਾਂਬਲੇ ਨੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ, ‘‘ਮੈਂ ਕਿਸੇ ’ਤੇ ਹਮਲਾ ਨਹੀਂ ਕੀਤਾ। ਮੈਂ ਪੌੜੀਆਂ ਤੋਂ ਹੇਠਾਂ ਤੁਰ ਰਿਹਾ ਸੀ ਜਦੋਂ ਕੋਈ ਰਸਤੇ ’ਚ ਆਇਆ। ਮੈਂ ਉਸ ਨੂੰ ਧੱਕਾ ਦਿਤਾ ਅਤੇ ਅੱਗੇ ਵਧਿਆ।’’