ਡੀਸੀ ਨੇ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੇ ਬਣ ਰਹੇ ਪ੍ਰੋਜੈਕਟਾਂ ਦਾ ਦੌਰਾ ਕਰਕੇ ਲਿਆ ਜਾਇਜਾ

ਬਠਿੰਡਾ, 12 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਭੁੱਚੋਂ, ਬੁਰਜ ਕਾਹਨ ਸਿੰਘ ਵਾਲਾ, ਪੂਹਲੀ, ਭੈਣੀ ਅਤੇ ਗੰਗਾਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਪਿੰਡਾਂ ਚ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਬਣਾਏ ਜਾ ਰਹੇ ਥਾਪਰ ਮਾਡਲਾਂ ਅਤੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਰਜਿਸਟਰਡ ਕਰਵਾਈਆਂ ਜਾ ਰਹੀਆਂ ਵੋਟਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਚੱਲ ਰਹੇ ਪ੍ਰੋਜੈਕਟਾਂ ਚ ਤੇਜ਼ੀ ਲਿਆਂਦੀ ਜਾਵੇ ਅਤੇ ਤਹਿ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।

        ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਗੁਰਦੁਆਰਾ ਕਾਹਨ ਸਿੰਘ ਵਾਲਾ, ਪੂਹਲੀ ਤੇ ਭੈਣੀ ਦੀ ਧਰਮਸ਼ਾਲਾ ਵਿਖੇ ਪਹੁੰਚ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਬਣ ਰਹੀਆਂ ਵੋਟਾਂ ਸਬੰਧੀ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗ ਵੋਟਰ ਆਪੋ-ਆਪਣੀ ਵੋਟ ਰਜਿਸਟਰ ਲਾਜ਼ਮੀ ਕਰਵਾਉਣ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਪਟਵਾਰੀਆਂ ਕੋਲੋਂ ਹੁਣ ਤੱਕ ਰਜਿਸਟਰ ਹੋਈਆਂ ਵੋਟਾਂ ਦੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ।

        ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਭੁੱਚੋਂ ਦੇ ਕਾਰਜ ਸਾਧਕ ਦਫ਼ਤਰ ਵਿਖੇ ਇਤਰਾਜਹੀਣਤਾ ਸਰਟੀਫ਼ਿਕੇਟਾਂ (ਐਨਓਸੀ) ਸਬੰਧੀ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਐਨਓਸੀ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਦੌਰਾਨ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਰਕਾਰੀ ਮਾਡਲ ਐਲੀਮੈਂਟਰੀ ਸਕੂਲ ਪੂਹਲੀ ਵਿਖੇ ਮਾਡਰਨ ਟਰੱਫ਼ ਹਾਕੀ ਮੈਦਾਨ, ਬੈਡਮਿੰਟਨ ਕੋਰਟ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ।

ਇਸ ਮੌਕੇ ਐਸਡੀਐਮ ਬਠਿੰਡਾ ਮੈਡਮ ਇਨਾਯਤ, ਬੀਡੀਪੀਓ ਨਥਾਣਾ ਸ. ਪ੍ਰਭਜੀਤ ਸਿੰਘ, ਤਹਿਸੀਲਦਾਰ (ਸਿਖਲਾਈ ਅਧੀਨ) ਸ਼੍ਰੀ ਸੁਮਿਤ ਢਿੱਲੋ, ਪੂਹਲੀ ਪਿੰਡ ਦੇ ਸਰਪੰਚ ਚਮਕੌਰ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਅਧਿਕਾਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *