ਦੇਸ਼ ‘ਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ‘ਚ ਇਸ ਵਾਰ 13-0: ਮੁੱਖ ਮੰਤਰੀ

ਸੰਗਰੂਰ, 11 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਾਦਲ ਪਰਿਵਾਰ ਦੇ ਪੰਜਾਬ ਵਿਰੋਧੀ ਪੈਂਤੜੇ ਅਤੇ ਮਾੜੇ ਕੰਮਾਂ ਦਾ ਪਰਦਾਫ਼ਾਸ਼ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ।

ਇੱਥੇ 14 ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਲਈ ਬੇਨਤੀ ਕਰਨਗੇ ਤਾਂ ਜੋ ਲੋਕਾਂ ਨੂੰ ਬਾਦਲਾਂ ਦੇ ਪਾਪਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਦਲਾਂ ਦੀ ਪੰਜਾਬ ਨਾਲ ਕੀਤੀ ਗੱਦਾਰੀ ਦੇ ਇਨਾਮ ਵਜੋਂ ਹਰਿਆਣਾ ਨੇ ਉਨ੍ਹਾਂ ਦੇ ਫਾਰਮ ਹਾਊਸ ਤੱਕ ਨਹਿਰ ਦੀ ਉਸਾਰੀ ਕੀਤੀ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਸੂਬੇ ਦੀ ਤਰੱਕੀ ਵਿੱਚ ਅੜਿੱਕਾ ਡਾਹ ਕੇ ਬਾਦਲਾਂ ਨੇ ਹੋਟਲ, ਟਰਾਂਸਪੋਰਟ ਅਤੇ ਹੋਰ ਕਾਰੋਬਾਰ ਵਧਾਏ, ਜਿਸ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਆਪਣੀ ਜਾਇਦਾਦ ਬਚਾਉਣ ਲਈ ਕੇਸ ਲੜ ਰਹੇ ਹਨ, ਜਦੋਂ ਕਿ ਉਹ ਲੋਕਾਂ ਨੂੰ ਬਚਾਉਣ ਲਈ ਅਦਾਲਤ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਦੀਆਂ ਉਨ੍ਹਾਂ ਸਾਰੀਆਂ ਕਰਤੂਤਾਂ ਬਾਰੇ ਦੁਨੀਆਂ ਨੂੰ ਦੱਸਣਗੇ, ਜਿਨ੍ਹਾਂ ਕਾਰਨ ਸੂਬਾ ਵੱਖ-ਵੱਖ ਖੇਤਰਾਂ ਵਿੱਚ ਪਛੜ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੇ ਹੱਥ ਪੰਜਾਬ ਅਤੇ ਪੰਜਾਬੀਆਂ ਦੇ ਖ਼ੂਨ ਨਾਲ ਰੰਗੇ ਹੋਏ ਹਨ, ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦੇ ਗੁਨਾਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦੇ।

ਮੁੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਦਾਅਵਾ ਕਰਦੇ ਸਨ ਕਿ ਉਹ 25 ਸਾਲ ਰਾਜ ਕਰਨਗੇ, ਉਨ੍ਹਾਂ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਆਪਣੇ 25 ਵਿਧਾਇਕਾਂ ਦੀ ਚੋਣ ਵੀ ਨਹੀਂ ਕਰਵਾ ਸਕੇ ਕਿਉਂਕਿ ਇਨ੍ਹਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਹੰਕਾਰੀ ਆਗੂਆਂ ਨੂੰ ਲੋਕਾਂ ਨੇ ਬਾਹਰ ਦਾ ਦਰਵਾਜ਼ਾ ਦਿਖਾ ਕੇ ਸਿਆਸੀ ਗੁਮਨਾਮੀ ਵਿੱਚ ਭੇਜ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਸਿਆਸੀ ਆਗੂਆਂ ਦੇ ਕੋਟੇ ਨੇ ਆਮ ਆਦਮੀ ਦੇ ਹਿੱਤ ਹੜੱਪ ਲਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਅਜਿਹੇ ਸਾਰੇ ਸਿਆਸੀ ਕੋਟਿਆਂ ਨੂੰ ਖ਼ਤਮ ਕਰ ਕੇ ਆਮ ਆਦਮੀ ਦੇ ਸ਼ਕਤੀਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਨੂੰ ਮੁੱਖ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੰਤਵ ਲੋਕਾਂ ਦੀ ਭਲਾਈ ਤੇ ਤਰੱਕੀ ਅਤੇ ਆਮ ਆਦਮੀ ਦਾ ਵਿਆਪਕ ਵਿਕਾਸ ਯਕੀਨੀ ਬਣਾਉਣਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਉਨ੍ਹਾਂ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਉਹ ਇਕ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਹਮੇਸ਼ਾ ਇਹ ਵਿਸ਼ਵਾਸ ਸੀ ਕਿ ਉਨ੍ਹਾਂ ਕੋਲ ਰਾਜ ਕਰਨ ਦਾ ਇਲਾਹੀ ਅਧਿਕਾਰ ਹੈ, ਜਿਸ ਕਾਰਨ ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ਆਮ ਆਦਮੀ ਸੂਬੇ ਨੂੰ ਵਧੀਆ ਤਰੀਕੇ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਇਨ੍ਹਾਂ ਦੇ ਗੁਮਰਾਹਕੁੰਨ ਪ੍ਰਚਾਰ ਤੋਂ ਬਾਜ਼ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਮਾਈ ਭਾਗੋ, ਗ਼ਦਰੀ ਬਾਬੇ ਸਮੇਤ ਮਹਾਨ ਸ਼ਹੀਦਾਂ ਉਤੇ ਆਧਾਰਤ ਝਾਕੀ ਨੂੰ ਰੱਦ ਕਰ ਕੇ ਉਨ੍ਹਾਂ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀਆਂ ਝਾਕੀਆਂ ਨੂੰ ਸ਼ਾਮਲ ਨਾ ਕਰਕੇ ਇਨ੍ਹਾਂ ਨਾਇਕਾਂ ਦੇ ਯੋਗਦਾਨ ਅਤੇ ਕੁਰਬਾਨੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਇਨ੍ਹਾਂ ਮਹਾਨ ਦੇਸ਼ ਭਗਤਾਂ ਅਤੇ ਕੌਮੀ ਆਗੂਆਂ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਯੋਗਦਾਨ ਨੂੰ ਝਾਕੀਆਂ ਰਾਹੀਂ ਸੂਬੇ ਭਰ ਵਿੱਚ ਦਿਖਾਏਗੀ।

ਮੁੱਖ ਮੰਤਰੀ ਨੇ ਭਵਿੱਖਬਾਣੀ ਕੀਤੀ ਕਿ ਲੋਕ ਇਨ੍ਹਾਂ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਤੋਂ ਇੰਨੇ ਅੱਕ ਚੁੱਕੇ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਸਾਰੀਆਂ ਸੀਟਾਂ ‘ਤੇ ਸਾਨੂੰ ਹੂੰਝਾ ਫੇਰ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਲੋਕ ਆਉਣ ਵਾਲੀਆਂ ਆਮ ਚੋਣਾਂ ਵਿੱਚ ਸੂਬੇ ਦੀਆਂ ਸਾਰੀਆਂ 13 ਸੀਟਾਂ ਉਨ੍ਹਾਂ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 13-0 ਦੇ ਅੰਕੜੇ ਨਾਲ ਜਿੱਤਾਂਗਾ, ਜਦੋਂ ਕਿ ਬਾਕੀ ਪਾਰਟੀਆਂ ਦੇ ਖਾਤੇ ਵੀ ਨਹੀਂ ਖੁੱਲ੍ਹਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੇ ਇਕ ਨਿੱਜੀ ਕੰਪਨੀ ਜੀ.ਵੀ.ਕੇ. ਪਾਵਰ ਦੀ ਮਲਕੀਅਤ ਵਾਲੇ ਗੋਇੰਦਵਾਲ ਪਾਵਰ ਪਲਾਂਟ ਨੂੰ ਖ਼ਰੀਦ ਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇਹ ਉਲਟਾ ਰੁਝਾਨ ਸ਼ੁਰੂ ਹੋਇਆ ਹੈ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਪਾਵਰ ਪਲਾਂਟ ਖਰੀਦਿਆ ਹੈ, ਜਦੋਂ ਕਿ ਪਹਿਲਾਂ ਸੂਬਾ ਸਰਕਾਰਾਂ ਆਪਣੀਆਂ ਜਾਇਦਾਦਾਂ ਮਨਪਸੰਦ ਵਿਅਕਤੀਆਂ ਨੂੰ ‘ਕੌਡੀਆਂ’ ਦੇ ਭਾਅ ਵੇਚਦੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਉਂਕਿ ਪਛਵਾੜਾ ਕੋਲਾ ਖਾਣ ਤੋਂ ਨਿਕਲਣ ਵਾਲੇ ਕੋਲੇ ਦੀ ਵਰਤੋਂ ਸਰਕਾਰੀ ਪਾਵਰ ਪਲਾਂਟਾਂ ਲਈ ਹੀ ਕੀਤੀ ਜਾ ਸਕਦੀ ਹੈ ਅਤੇ ਇਸ ਪਾਵਰ ਪਲਾਂਟ ਦੀ ਖਰੀਦ ਨਾਲ ਇਸ ਕੋਲੇ ਨੂੰ ਹੁਣ ਇੱਥੇ ਵਰਤ ਕੇ ਸੂਬੇ ਦੇ ਹਰ ਖੇਤਰ ਨੂੰ ਬਿਜਲੀ ਮੁਹੱਈਆ ਕਰਨ ਦਾ ਰਾਹ ਖੁੱਲ੍ਹਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਹਸਪਤਾਲਾਂ, ਸਕੂਲਾਂ ਵਿੱਚ ਮੁਕੰਮਲ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਅਤੇ ਆਮ ਆਦਮੀ ਦੀ ਭਲਾਈ ਲਈ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ ਅਤੇ 90 ਫੀਸਦੀ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਫੈਸਲੇ ਉਨ੍ਹਾਂ ਲੋਕਾਂ ਵੱਲੋਂ ਲਏ ਜਾ ਰਹੇ ਹਨ, ਜੋ ਜ਼ਮੀਨੀ ਪੱਧਰ ’ਤੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਹੁਣ ਉਹ ਬੇਸ਼ਰਮੀ ਨਾਲ ਨੈਤਿਕਤਾ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਧੂਰੀ ਦੇ ਪਿੰਡਾਂ ਦੇ ਵਿਕਾਸ ਲਈ 29 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਰੱਖੀ ਹੈ। ਉਨ੍ਹਾਂ ਦੁਹਰਾਇਆ ਕਿ ਧੂਰੀ ਸੂਬੇ ਦੀ ਸਿਆਸਤ ਦਾ ਧੁਰਾ ਬਣੇਗਾ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖ਼ਾਸ ਤੌਰ ‘ਤੇ ਧੂਰੀ ਵਿਧਾਨ ਸਭਾ ਹਲਕੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿਨ ਗਏ, ਜਦੋਂ ਸੂਬੇ ਦਾ ਮੁਖੀ ਆਪਣੇ ਮਹਿਲਾਂ ਦੇ ਵੱਡੇ-ਵੱਡੇ ਕਮਰਿਆਂ ਤੱਕ ਸੀਮਤ ਰਹਿੰਦਾ ਸੀ, ਜਦੋਂ ਕਿ ਹੁਣ ਮੁੱਖ ਮੰਤਰੀ ਹਮੇਸ਼ਾ ਲੋਕਾਂ ਵਿਚਕਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਕਿਸੇ ਦੀ ਮੁੱਖ ਮੰਤਰੀ ਤੱਕ ਆਸਾਨ ਪਹੁੰਚ ਹੈ, ਜਿਸ ਕਾਰਨ ਹੁਣ ਸੂਬੇ ਦਾ ਹਰ ਮਸਲਾ ਲੋਕਾਂ ਦੀ ਆਸ ਮੁਤਾਬਕ ਤੁਰੰਤ ਹੱਲ ਹੋ ਜਾਂਦਾ ਹੈ

Leave a Reply

Your email address will not be published. Required fields are marked *