ਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਖ਼ਿਲਾਫ਼ ਮੁਹਿੰਮ

ਲੁਧਿਆਣਾ, 23 ਮਾਰਚ (000) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਬਕਾਰੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਨਜਾਇਜ਼ ਸ਼ਰਾਬ ਵਿਰੁੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ ਦੀ ਦੇਖ-ਰੇਖ ਹੇਠ ਈ.ਟੀ.ਓ ਹਰਜੋਤ ਸਿੰਘ, ਆਬਕਾਰੀ ਇੰਸਪੈਕਟਰ ਹਰਸ਼ਪਿੰਦਰ ਸਿੰਘ, ਬਲਕਰਨ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਦੇਸੀ ਸ਼ਰਾਬ ਸਮੇਤ ਨਜਾਇਜ਼ ਸ਼ਰਾਬ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ।

ਏ.ਈ.ਟੀ.ਸੀ. ਨਾਗਪਾਲ ਨੇ ਦੱਸਿਆ ਕਿ ਲਾਗੂ ਆਦਰਸ਼ ਚੋਣ ਜ਼ਾਬਤਾ ਅਤੇ ਬੀਤੇ ਦਿਨੀਂ ਦੂਸਰੇ ਜ਼ਿਲ੍ਹੇ ਵਿੱਚ ਵਾਪਰੀ ਮੰਦਭਾਗੀ ਘਟਨਾ ਦੇ ਮੱਦੇਨਜ਼ਰ, ਇਹ ਮੁਹਿੰਮ ਨਜਾਇਜ਼ ਤੌਰ ‘ਤੇ ਕੱਢੀ ਜਾ ਰਹੀ ਸ਼ਰਾਬ ਦੇ ਸੇਵਨ ਅਤੇ ਦੇਸੀ ਸ਼ਰਾਬ ਪੀਣ ਨਾਲ ਹੋਣ ਵਾਲੇ ਨੁਕਸਾਨਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ‘ਤੇ ਲਾਊਡ ਸਪੀਕਰ ਲਗਾਇਆ ਗਿਆ ਹੈ ਜਿਸ ਰਾਹੀਂ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੇ ਸੇਵਨ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਦੇਸੀ ਸ਼ਰਾਬ ਜ਼ਹਿਰੀਲੀ ਅਤੇ ਮਨੁੱਖੀ ਜਾਨਾਂ ਲਈ ਘਾਤਕ ਹੋ ਸਕਦੀ ਹੈ।

ਏ.ਈ.ਟੀ.ਸੀ. ਇੰਦਰਜੀਤ ਸਿੰਘ ਨਾਗਪਾਲ ਨੇ ਕਿਹਾ ਕਿ ਲੋਕਾਂ ਨੂੰ ਨਜਾਇਜ਼ ਜਾਂ ਦੇਸੀ ਸ਼ਰਾਬ ਦਾ ਸੇਵਨ ਕਰਨ ਤੋਂ ਰੋਕਣ ਲਈ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾਂ ਵੀ ਜਗਰਾਓਂ, ਸਿੱਧਵਾਂ ਬੇਟ ਅਤੇ ਹੋਰਨਾਂ ਖੇਤਰਾਂ ਵਿੱਚ ਨਾਜਾਇਜ਼ ਸ਼ਰਾਬ ਵਿਰੁੱਧ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।

ਲੋਕ ਹੈਲਪਲਾਈਨ ਨੰਬਰ 98759-61126 ‘ਤੇ ਵੀ ਨਾਜਾਇਜ਼ ਸ਼ਰਾਬ ਕੱਢਣ ਜਾਂ ਇਸ ਦੀ ਤਸਕਰੀ ਬਾਰੇ ਸੂਚਨਾ ਦੇ ਸਕਦੇ ਹਨ।

Leave a Reply

Your email address will not be published. Required fields are marked *