ਸ੍ਰੀ ਮੁਕਤਸਰ ਸਾਹਿਬ 2 ਮਾਰਚ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਸ੍ਰੀ ਤ੍ਰਿਭੁਵਨ ਦਹੀਆ ਨੇ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੈਸ਼ਨ ਡਿਵੀਜ਼ਨ ਦੇ ਐਡਮਿਨਿਸਟਰੇਟਿਵ ਜੱਜ ਵੀ ਹਨ, ਦਾ ਜ਼ਿਲ੍ਹੇ ਦਾ ਦੌਰਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ, ਜਿਸ ਦੌਰਾਨ ਉਨਾਂ ਨੇ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਹੈਲਪਲਾਈਨ ਨੰਬਰ ਜਾਰੀ ਕੀਤਾ।
ਅੱਜ ਉਹਨਾਂ ਨੇ ਮਲੋਟ ਅਤੇ ਗਿੱਦੜਬਾਹਾ ਦੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਅਤੇ ਇੱਥੇ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਇਸ ਦੌਰਾਨ ਬੈਠਕ ਕੀਤੀ। ਇਸ ਦੌਰਾਨ ਉਨਾਂ ਨੇ ਮਲੋਟ ਅਤੇ ਗਿੱਦੜਬਾਹਾ ਕੋਰਟ ਕੰਪਲੈਕਸ ਵਿੱਚ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਦਾ ਉਦਘਾਟਨ ਵੀ ਕੀਤਾ। ਉਨਾਂ ਨੇ ਇੱਥੇ ਪੌਦੇ ਵੀ ਲਗਾਏ।
ਬਾਅਦ ਵਿੱਚ ਉਹਨਾਂ ਨੇ ਜ਼ਿਲ੍ਹਾ ਜੇਲ ਦਾ ਦੌਰਾ ਕਰਕੇ ਇੱਥੇ ਬੰਦੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਮੌਕੇ ਮਾਨਯੋਗ ਜਸਟਿਸ ਨੇ ਜੇਲ ਦੀਆਂ ਵੱਖ-ਵੱਖ ਬੈਰਕਾਂ ਦਾ ਮੁਆਇਨਾ ਕੀਤਾ ਅਤੇ ਇਕੱਲੇ ਇੱਕਲੇ ਬੰਦੀ ਤੋਂ ਉਸਦੀ ਫਰਿਆਦ ਸੁਣੀ। ਇਸ ਦੌਰਾਨ ਉਨਾਂ ਨੇ ਜੇਲ ਵਿੱਚ ਬਣੇ ਹਸਪਤਾਲ ਅਤੇ ਰਸੋਈ ਘਰ ਦਾ ਵੀ ਜਾਇਜ਼ਾ ਲਿਆ ।
ਇੱਥੇ ਹੀ ਉਹਨਾਂ ਨੇ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੁਫਤ ਹੈਲਪਲਾਈਨ ਨੰਬਰ 15100 ਜਾਰੀ ਕੀਤਾ। ਇਸ ਮੌਕੇ ਉਨਾਂ ਨੇ ਬੰਦੀਆਂ ਨੂੰ ਕਿਹਾ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਉਹ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਉਹਨਾਂ ਨੇ ਜੇਲ ਸਟਾਫ ਨੂੰ ਵੀ ਹਦਾਇਤ ਕੀਤੀ ਕਿ ਜਿਸ ਕਿਸੇ ਬੰਦੀ ਨੂੰ ਕਾਨੂੰਨੀ ਸਹਾਇਤਾ ਦੀ ਜਰੂਰਤ ਹੋਵੇ ਉਸਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਸ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੇਲ ਦੇ ਅੰਦਰ ਵੀ ਫਰੰਟ ਆਫਿਸ ਸਥਾਪਿਤ ਕੀਤਾ ਗਿਆ ਹੈ।। ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਮੁਫਤ ਕਾਨੂੰਨੀ ਸੇਵਾਵਾਂ ਲੈਣ ਲਈ ਕੋਈ ਵੀ ਨਾਗਰਿਕ ਇਸ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ।।
ਇਸ ਮੌਕੇ ਉਨਾਂ ਦੇ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਰਾਜ ਕੁਮਾਰ ਜੀ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਹਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਦੌਰਾਨ ਮਲੋਟ ਵਿਖੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਮੈਡਮ ਅਮੀਤਾ ਸਿੰਘ, ਐਡੀਸ਼ਨਲ ਸਿਵਿਲ ਜੱਜ ਸੀਨੀਅਰ ਡਿਵੀਜ਼ਨ ਨੀਰਜ ਗੋਇਲ, ਸਿਵਿਲ ਜੱਜ ਜੂਨੀਅਰ ਡਿਵੀਜ਼ਨ ਕਮਲਜੀਤ ਸਿੰਘ ਅਤੇ ਸਿਵਿਲ ਜੱਜ ਜੂਨੀਅਰ ਡਿਵੀਜ਼ਨ ਦਿਲਸ਼ਾਦ ਕੌਰ ਅਤੇ ਗਿੱਦੜਬਾਹਾ ਵਿਖੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਅਮਨਦੀਪ ਕੌਰ ਅਤੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਮੈਡਮ ਏਕਤਾ ਵੱਲੋਂ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਜੇਲ ਵਿਖੇ ਪਹੁੰਚਣ ਤੇ ਜੇਲ ਸੁਪਰਡੈਂਟ ਵਰੁਣ ਕੁਮਾਰ ਨੇ ਉਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਜੇਲ ਵਿੱਚ ਬੰਦੀਆਂ ਕੀਤੀ ਜਾ ਰਹੀ ਦੇਖਭਾਲ ਸਬੰਧੀ ਉਹਨਾਂ ਨੂੰ ਜਾਣੂੰ ਕਰਵਾਇਆ।