ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫਾਜਿਲਕਾ 2 ਮਾਰਚ

ਜ਼ਿਲਾ ਮੈਜਿਸਟ੍ਰੇਟ ਡਾ. ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋ ਕਰਦਿਆਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀਆਂ 30 ਅਪ੍ਰੈਲ 2024 ਤੱਕ ਲਾਗੂ ਰਹਿਣਗੀਆਂ ਅਤੇ ਉਲੰਘਣਾ ਕਰਨ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਾਬੰਦੀਆਂ ਅਨੁਸਾਰ ਜ਼ਿਲ੍ਹਾ ਫਾਜਿਲਕਾ ਵਿੱਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊਵੰਸ਼ ਦੀ ਢੋਆ ਢੁਆਈ ਤੇ ਪੂਰਨ ਪਾਬੰਦੀ ਲਗਾਈ ਹੈ। ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਲੋਕਾਂ ਨੇ ਗਊਵੰਸ਼ ਰੱਖੇ ਹੋਏ ਹਨ ਉਹ ਪਸ਼ੂ ਪਾਲਣ ਵਿਭਾਗ ਪਾਸ ਰਜਿਸਟਰਡ ਕਰਵਾਉਣ।

ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਪੈਂਦੇ ਅੰਤਰਰਾਸ਼ਟਰੀ ਬਾਰਡਰ ਏਰੀਆ ਦੇ ਨਾਲ ਲੱਗਦੇ 4 ਕਿਲੋਮੀਟਰ ਦੇ ਏਰੀਏ ਵਿਚ ਪਾਕਿਸਤਾਨੀ ਸਿਮ ਰੱਖਣ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾਈ ਹੈ।

ਜ਼ਿਲਾ ਮੈਜਿਸਟ੍ਰੇਟ ਦੇ ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਰੈਸਟੋਰੈਂਟ ਜਾਂ ਹੁੱਕਾ ਬਾਰ ਵਿਖੇ ਗ੍ਰਾਹਕਾਂ ਨੂੰ ਹੁੱਕਾ ਨਹੀਂ ਪਰੋਸਿਆ ਜਾ ਸਕੇਗਾ। ਜ਼ਿਲੇ ਦੇ ਸਮੂਹ ਪਿੰਡਾਂ ਅਤੇ ਨਗਰ ਕੌਂਸਲਾਂ ਦੀ ਹੱਦ ਵਿਚ ਇਹ ਹੁਕਮ ਲਾਗੂ ਰਹਿਣਗੇ। ਉਨਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਭਾਰਤੀ ਢੰਡ ਵਿਧਾਨ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪਾਬੰਦੀਆਂ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ ਦੀਆਂ ਸੀਮਾਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚਣ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

ਜਿ਼ਲ੍ਹਾ ਫਾਜਿ਼ਲਕਾ ਦੇ ਬਾਰਡਰ ਨੇੜਲੇ ਪਿੰਡਾਂ ਵਿਚ ਸ਼ਾਮ 5 ਵਜੇ ਤੋਂ ਬਾਅਦ ਡੀਜੇ (ਮਿਊਜਿਕ ਸਿਸਟਮ), ਪਟਾਖੇ ਚਲਾਉਣ ਅਤੇ ਲੇਜਰ ਲਾਇਟਾਂ ਦਾ ਇਸਤੇਮਾਲ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਬਾਰਡਰ ਦੇ ਪਾਰ ਤੋਂ ਰਾਤ ਸਮੇਂ ਡ੍ਰੋਨ ਰਾਹੀਂ ਘੁਸਪੈਠ ਦੀ ਕੋਸਿਸ਼ ਹੁੰਦੀ ਹੈ ਅਤੇ ਡੀਜੇ ਦੀ ਉਚੀ ਅਵਾਜ ਵਿਚ ਹਿੰਦ ਪਾਕਿ ਸੀਮਾ ਤੇ ਡਿਊਟੀ ਕਰ ਰਹੇ ਜਵਾਨਾਂ ਨੂੰ ਡ੍ਰੋਨ ਦੀ ਗੂੰਜ ਸੁਣਾਈ ਨਹੀਂ ਦਿੰਦੀ ਜਿਸ ਕਾਰਨ ਡੋ੍ਰਨ ਗਤੀਵਿਧੀ ਦਾ ਪਤਾ ਲਗਾਉਣਾ ਮੁਸਕਿਲ ਹੋ ਜਾਂਦਾ ਹੈ।

ਜ਼ਿਲ੍ਹਾ ਫਾਜਿਲਕਾ ਵਿੱਚ ਸਰਹੱਦੀ ਖੇਤਰਾਂ ਦੇ ਨਾਲ-ਨਾਲ ਬੀ.ਓ.ਪੀਜ ਦੇ ਨੇੜੇ ਸ਼ਾਮ 5 ਵਜੇ ਤੋਂ ਬਾਅਦ ਡੀ.ਜੇ ਦੀ ਆਵਾਜ ਨੂੰ ਸੀਮਤ ਕਰਨ ਲਈ ਜਰੂਰੀ ਨਿਰਦੇਸ਼ ਜਾਰੀ ਕਰਨ ਦੇ ਉਪਰਾਲੇ ਕੀਤੇ ਜਾਣੇ ਜਰੂਰੀ ਹਨ। ਇਸ ਲਈ ਰਾਸ਼ਟਰੀ ਸੁਰੱਖਿਆ ਦੇ ਮੱਦੇਨਜਰ ਇਹ ਹੁਕਮ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *