ਐਮਪੀ ਅਰੋੜਾ ਨੇ ਡੀਸੀ ਨਾਲ ਲੁਧਿਆਣਾ ਦੇ ਵਿਕਾਸ ਕਾਰਜਾਂ ਬਾਰੇ ਕੀਤੀ ਚਰਚਾ

ਲੁਧਿਆਣਾ, 1 ਮਾਰਚ, 2024: ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੁਧਿਆਣਾ ਅਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ।

ਮੁੱਖ ਤੌਰ ‘ਤੇ ਹਲਵਾਰਾ ਏਅਰਪੋਰਟ, ਐਨ.ਐਚ.ਏ.ਆਈ ਪ੍ਰੋਜੈਕਟ, ਈ.ਐਸ.ਆਈ ਹਸਪਤਾਲ ਅਤੇ ਜ਼ਿਲ੍ਹੇ ਭਰ ਦੇ ਹੋਰ ਸਰਕਾਰੀ ਹਸਪਤਾਲਾਂ, ਰੇਲਵੇ ਨਾਲ ਸਬੰਧਤ ਪ੍ਰੋਜੈਕਟਾਂ, ਐਮ.ਪੀ.ਐਲ.ਏ.ਡੀ. ਸਕੀਮ ਅਤੇ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਚਰਚਾ ਹੋਈ।

ਅਰੋੜਾ ਨੇ ਹਲਵਾਰਾ ਏਅਰਪੋਰਟ ਪ੍ਰੋਜੈਕਟ ‘ਤੇ ਚੱਲ ਰਹੇ ਨਿਰਮਾਣ ਕਾਰਜ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤੋਂ ਇਹ ਗੱਲ ਸਾਹਮਣੇ ਆਈ ਕਿ ਕੁਝ ਮੁੱਦਿਆਂ ‘ਤੇ ਕੇਂਦਰ ਸਰਕਾਰ ਦੇ ਦਖਲ ਦੀ ਲੋੜ ਹੈ। ਅਰੋੜਾ ਨੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਨੈਸ਼ਨਲ ਹਾਈਵੇਅਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਲੁਧਿਆਣਾ ਅਤੇ ਆਲੇ ਦੁਆਲੇ ਦੇ ਲੰਬਿਤ ਪਏ ਪ੍ਰੋਜੈਕਟਾਂ, ਖਾਸ ਕਰਕੇ ਐਲੀਵੇਟਿਡ ਰੋਡ ਪ੍ਰੋਜੈਕਟ, ਸਾਈਕਲ ਟਰੈਕ, ਪਾਰਕਿੰਗ ਸਲਾਟ, ਲੁਧਿਆਣਾ-ਰੋਪੜ ਹਾਈਵੇ, ਲੁਧਿਆਣਾ-ਬਠਿੰਡਾ ਅਤੇ ਦੱਖਣੀ ਬਾਈਪਾਸ ਦੇ ਸੁੰਦਰੀਕਰਨ ਬਾਰੇ ਵੀ ਚਰਚਾ ਕੀਤੀ ਗਈ।

ਅਰੋੜਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨਾਲ ਉਨ੍ਹਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ 9 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਦੇ ਈਐਸਆਈ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬਿਸਤਰਿਆਂ ਦੀ ਸਮਰੱਥਾ 300 ਤੋਂ ਵਧਾ ਕੇ 500 ਕਰਨ ਲਈ ਤਕਨੀਕੀ ਟੀਮ ਵੱਲੋਂ ਈਐਸਆਈ ਹਸਪਤਾਲ ਦੇ ਸਿਵਲ ਢਾਂਚੇ ਦਾ ਅਧਿਐਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਇੱਕ ਵੱਡੀ ਪਹਿਲਕਦਮੀ ਵਜੋਂ ਉਹ ਲੁਧਿਆਣਾ ਅਤੇ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਅਤੇ ਬਿਹਤਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ ਮੰਤਰਾਲੇ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅੱਗੇ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਲਈ ਸਰਵੇਖਣ ਅਤੇ ਯੋਜਨਾਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਸਿਵਲ ਹਸਪਤਾਲ ਲੁਧਿਆਣਾ ਦਾ ਕੰਮ ਸ਼ੁਰੂ ਹੋ ਚੁੱਕਾ ਹੈ।

ਐਮ.ਪੀ.ਐਲ.ਏ.ਡੀ. ਸਕੀਮ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਅਰੋੜਾ ਨੇ ਡਿਪਟੀ ਕਮਿਸ਼ਨਰ ਤੋਂ ਪਿਛਲੇ ਦੋ ਸਾਲਾਂ ਦੌਰਾਨ ਇਸ ਸਕੀਮ ਤਹਿਤ ਉਨ੍ਹਾਂ ਵੱਲੋਂ ਸਿਫ਼ਾਰਸ਼ ਕੀਤੇ ਗਏ ਸਾਰੇ ਵਿਕਾਸ ਕਾਰਜਾਂ ਬਾਰੇ ਤਾਜ਼ਾ ਅਪਡੇਟ ਪ੍ਰਾਪਤ ਕਰਨ ਲਈ ਕਿਹਾ।

ਇਸ ਤੋਂ ਇਲਾਵਾ, ਅਰੋੜਾ ਨੇ ਕਿਹਾ ਕਿ ਤਿੰਨ ਰੇਲਵੇ ਸਟੇਸ਼ਨਾਂ – ਲੁਧਿਆਣਾ, ਢੰਡਾਰੀ ਕਲਾਂ ਅਤੇ ਫਿਲੌਰ ਲਈ ਅਪਗ੍ਰੇਡ ਕਰਨ ਦੇ ਪ੍ਰੋਜੈਕਟ ਨਿਰਧਾਰਿਤ ਸਮੇਂ ‘ਤੇ ਅੱਗੇ ਵਧ ਰਹੇ ਹਨ, ਜਿਵੇਂ ਕਿ ਫਿਰੋਜ਼ਪੁਰ ਅਤੇ ਅੰਬਾਲਾ ਡਿਵੀਜ਼ਨ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀਆਰਐਮ) ਵੱਲੋਂ ਭਰੋਸਾ ਦਿੱਤਾ ਗਿਆ ਹੈ।

ਅਰੋੜਾ ਨੇ ਸੂਬਾ ਅਤੇ ਕੇਂਦਰ ਸਰਕਾਰ ਦੇ ਪੱਧਰ ‘ਤੇ ਲੁਧਿਆਣਾ ਦੇ ਵਿਕਾਸ ਲਈ ਆਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਮੁੱਖ ਫੋਕਸ ਸ਼ਹਿਰ ਦੀ ਤਰੱਕੀ ਅਤੇ ਭਲਾਈ ‘ਤੇ ਹੈ।

ਮੀਟਿੰਗ ਵਿੱਚ ਏਡੀਸੀ (ਜਨਰਲ) ਓਜਸਵੀ ਅਲੰਕਾਰ, ਏਡੀਸੀ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਅਤੇ ਏਡੀਸੀ (ਸ਼ਹਿਰੀ ਵਿਕਾਸ) ਰੁਪਿੰਦਰਪਾਲ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *