ਕੋਟਕਪੂਰਾ 19 ਫ਼ਰਵਰੀ,2024
ਗਰਮੀਆਂ ਦੇ ਦਿਨਾਂ ਵਿੱਚ ਆਮ ਤੌਰ ਤੇ ਪਾਣੀ ਦੀ ਕਿੱਲਤ ਆ ਜਾਣ ਕਾਰਨ ਅੱਜ ਕੱਲ ਧਰਤੀ ਦੇ ਕਈ ਹਿੱਸਿਆਂ ਤੇ ਲੋਕਾਂ ਨੂੰ ਕਾਫੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰੰਤੂ ਇਸ ਵਾਰ ਆਉਣ ਵਾਲੀਆਂ ਗਰਮੀਆਂ ਵਿੱਚ ਕੋਟਕਪੂਰਾ ਵਾਸੀਆਂ ਨੂੰ ਇਹ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਜੈਤੋ ਰੋਡ, ਸੂਏ ਦੇ ਨਾਲ ਨਜ਼ਦੀਕ ਕੋਠੇ ਬੁੱਕਣ ਸਿੰਘ ਵਾਲਾ ਵਿਖੇ 27.44 ਲੱਖ ਦੇ ਨਾਲ ਕਰਾਸ ਰੈਗੂਲੇਟਰ (ਗੇਟ) ਪ੍ਰਾਜੈਕਟ ਦਾ ਨੀਂਹ ਪੱਧਰ ਰੱਖਿਆ।
ਉਹਨਾਂ ਦੱਸਿਆ ਕਿ ਇਸ ਗੇਟ ਨਾਲ ਪਾਣੀ ਦੀ ਲਗਾਤਾਰਤਾ ਵਿੱਚ ਕੋਈ ਕਮੀ ਨਹੀਂ ਆਵੇਗੀ ਅਤੇ ਕੋਟਕਪੂਰਾ ਵਾਸੀਆਂ ਨੂੰ ਪਾਣੀ ਦੀ ਨਿਰਵਿਘਨ ਸਪਲਾਈ ਮੁਹੱਈਆ ਹੁੰਦੀ ਰਹੇਗੀ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਨਿਰਵਿਘਨਤਾ ਦੇ ਕਾਰਨ ਹੁਣ ਲੋਕਾਂ ਨੂੰ ਪਾਣੀ ਦੇ ਬੇਲੋੜੇ ਇਸਤੇਮਾਲ ਵਿੱਚ ਇਜ਼ਾਫਾ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਪਾਣੀ ਦੀ ਲਗਾਤਾਰ ਹੁੰਦੀ ਜਾ ਰਹੀ ਕਮੀ ਦੇ ਮੱਦੇਨਜ਼ਰ ਆਪਾਂ ਸਾਰਿਆਂ ਨੂੰ ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਐਕਸੀਅਨ ਸਿੰਜਾਈ ਵਿਭਾਗ ਸ੍ਰੀ ਜਿਗਨੇਸ਼ ਗੋਇਲ ਨੇ ਦੱਸਿਆ ਕਿ ਕੋਟਕਪੂਰਾ ਰਜਬਾਹਾ ਵਿੱਚ 146 ਕਿਊਸਿਕ ਪਾਣੀ ਦਾ ਵਹਾਅ ਹੈ ਜਿਸ ਦੇ ਵਿੱਚੋਂ ਢਾਈ ਕਿਊਸਿਕ ਪੀਣ ਯੋਗ ਪਾਣੀ ਕੋਟਕਪੂਰਾ ਇਲਾਕੇ ਨੂੰ ਮੁਹੱਈਆ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਕੋਟਕਪੂਰਾ ਵਾਸੀਆਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਨਿਰਵਿਘਨ ਮੁਹੱਈਆ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਮਿਕਦਾਰ 2.3 ਕਿਊਸਿਕ ਸੀ ਜੋ ਕਿ ਤਿੰਨ ਦਹਾਕਿਆਂ ਪਹਿਲਾਂ ਵਧਾ ਕੇ 2.5 ਕਿਊਸਿਕ ਕੀਤੀ ਗਈ ਹੈ।
ਇਸ ਮੌਕੇ ਜੀ.ਏ ਸ.ਪ੍ਰਗਟ ਸਿੰਘ ਮਨਪ੍ਰੀਤ ਸਿੰਘ ਧਾਲੀਵਾਲ, ਮਨਦੀਪ ਮੌਗਾ ਗੁਰਜੰਟ ਸਿੰਘ ਨੰਗਲ, ਲਕਸ਼ਮਣ ਦਾਸ ਮਹਿਰਾ, ਸੁਨੀਲ ਕੁਮਾਰ ਗਰੋਵਰ, ਕਾਕਾ ਸ਼ਰਮਾ, ਓਮਕਾਰ ਗੋਇਲ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਕੋਟਪੂਰਾ, ਜਗਤਾਰ ਸਿੰਘ ਨੰਗਲ, ਮਿਹਰ ਸਿੰਘ ਚੰਨੀ, ਬਸੰਤ ਸਿੰਘ ਮਾਨ ਹਾਜ਼ਰ ਸਨ।