ਪਸ਼ੂ ਪਾਲਣ ਵਿਭਾਗ ਫਾਜਿਲਕਾ ਵਲੋਂ ਸਾਹੀਵਾਲ ਪੀ.ਟੀ. ਪ੍ਰੋਜੈਕਟ ਅਧੀਨ ਪਿੰਡ ਵਹਾਬਵਾਲਾ ਵਿਖੇ ਸਾਹੀਵਾਲ ਕਾਫ ਰੈਲੀ ਦਾ ਆਯੋਜਨ

ਫਾਜ਼ਿਲਕਾ, 19 ਫਰਵਰੀ

ਪਸ਼ੂ ਪਾਲਣ ਵਿਭਾਗ ਫਾਜਿਲਕਾ ਵਲੋਂ ਸਾਹੀਵਾਲ ਪੀ.ਟੀ. ਪ੍ਰੋਜੈਕਟ ਅਧੀਨ ਡਾ ਰਾਜੀਵ ਛਾਬੜਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਜਿਲਕਾ ਦੀ ਅਗਵਾਈ ਹੇਠ ਪਿੰਡ ਵਹਾਬਵਾਲਾ ਵਿਖੇ ਸਾਹੀਵਾਲ ਕਾਫ ਰੈਲੀ ਕੀਤੀ ਗਈ।

ਇਸ ਮੋਕੇ ਪਸ਼ੂ ਪਾਲਕਾਂ ਨੂੰ ਸੰਬੋਧਿਤ ਕਰਦੇ ਹੋਏ ਡਾ ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਨੇ ਕਿਹਾ ਕਿ ਪਸ਼ੂਆਂ ਵਿਚ ਸਭ ਤੋਂ ਵੱਧ ਖਰਚ ਪਸ਼ੂਆਂ ਦੀ ਖੁਰਾਕ ਉਪਰ ਹੁੰਦਾ ਹੈ ਪਰ ਖੁਰਾਕ ਸੰਤੁਲਿਤ ਨਾ ਹੋਣ ਕਾਰਨ ਹੀ ਪਸ਼ੂਆਂ ਵਿਚ ਕਈ ਸਮੱਸਿਆਵਾਂ ਆ ਰਹੀਆਂ ਹਨ। ਉਹਨਾ ਨੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਪਸ਼ੂ ਖੁਰਾਕ ਤਿਆਰ ਕਰਨ ਦਾ ਤਰੀਕਾ ਦੱਸਿਆ। ਉਹਨਾਂ ਨੇ ਕਿਹਾ ਕਿ ਪਸੂ ਪਾਲਕ ਆਪਣੇ ਪੱਠਿਆ ਵਿਚ ਖਾਦਾਂ ਦੀ ਵਰਤੋਂ ਯੂਨੀਵਰਸਿਟੀ ਦੀਆਂ ਸਿਫਾਰਸਾਂ ਅਨੁਸਾਰ ਹੀ ਕਰਨ ਕਿਉਂਕਿ ਜਿਆਦਾ ਖਾਦਾਂ ਪੱਠਿਆਂ ਵਿਚ ਜਹਿਰਵਾਦ ਦਾ ਕਾਰਨ ਬਣ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਵਿਭਾਗ ਵਲੋਂ ਸਾਰੇ ਗੋਕੇ ਅਤੇ ਮਹਿਰੂਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ।

ਡਾ ਅਮਿਤ ਨੈਨ ਪ੍ਰੋਜੈਕਟ ਕੋਆਰਡੀਨੇਟਰ ਸਾਹੀਵਾਲ ਪੀ .ਟੀ.ਪ੍ਰੋਜੈਕਟ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਧਾਉਣ ਲਈ ਬਹੁਤ ਹੀ ਵਧੀਆ ਨਸਲ ਦੇ ਸਾਹੀਵਾਲ ਸੀਮਨ ਨਾਲ ਮਸਨੂਈ ਗਰਭਦਾਨ ਕੀਤਾ ਜਾਂਦਾ ਹੈ। ਇਸ ਅਧੀਨ ਦੇਸੀ ਨਸਲ ਦੀਆਂ ਗਾਵਾਂ ਦੀ ਦੁੱਧ ਚੁਆਈ ਕਰਵਾਈ ਜਾਂਦੀ ਹੈ। ਅਜਿਹੇ ਪਸ਼ੂਆਂ ਦੇ ਮਾਲਕਾਂ ਨੂੰ ਮਾਨ ਭੱਤਾ ਵੀ ਦਿੱਤਾ ਜਾਂਦਾ ਹੈ।

ਉਹਨਾਂ ਨੇ ਕਿਹਾ ਕਿ ਵੱਧ ਦੁੱਧ ਦੇਣ ਵਾਲੀਆਂ ਵਧੀਆ ਨਸਲ ਦੀਆਂ ਸਾਹੀਵਾਲ ਗਾਵਾਂ ਦੇ ਵੱਛਿਆਂ ਨੂੰ ਬਹੁਤ ਵਧੀਆ ਕੀਮਤ ਤੇ ਖ੍ਰੀਦਿਆ ਜਾਂਦਾ ਹੈ। ਇਸ ਮੌਕੇ ਇਸ ਪ੍ਰੋਜੈਕਟ ਰਾਹੀ ਮਸਨੂਈ ਗਰਭਦਾਨ ਦੁਆਰਾ ਪੈਦਾ ਹੋਏ ਵੱਛੇ ਵੱਛੀਆਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ ਸੁਨੀਲ ਨਰੂਲਾ ਨੇ ਬਾਖੂਬੀ ਕੀਤਾ।

ਇਸ ਪ੍ਰੋਜੇਕਟ ਵਿਚ ਡਾ ਯੋਗੇਸ਼, ਦਰਸ਼ਨ ਸਿੰਘ, ਵਿਕਰਮ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ।

Leave a Reply

Your email address will not be published. Required fields are marked *