ਮੈਗਸੀਪਾ ਵੱਲੋਂ ਫਿਰੋਜ਼ਪੁਰ ਵਿਖੇ ਸੂਚਨਾ ਅਧਿਕਾਰ ਐਕਟ ਸਬੰਧੀ ਜਾਣਕਾਰੀ ਦੇਣ ਲਈ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਫਿਰੋਜ਼ਪੁਰ, 09 ਜਨਵਰੀ 2024:

            ਪ੍ਰਸ਼ਾਸਨ ਵਿਚ ਪਾਰਦਰਸ਼ਤਾ ਲਿਆਉਣ ਅਤੇ ਲੋਕਰਾਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੇ ਉਦੇਸ਼ ਨਾਲ ‘ਸੂਚਨਾ ਅਧਿਕਾਰ ਐਕਟ 2005’ ਰਾਹੀਂ ਜਾਗਰੂਕਤਾ ਲਿਆਉਣ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਟਰੇਸ਼ਨ ਰੀਜਨਲ ਸੈਂਟਰ ਬਠਿੰਡਾ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਪੀ.ਆਈ.ਓ., ਏ.ਪੀ.ਆਈ.ਓ., ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਇਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

            ਇਸ ਮੌਕੇ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੂਚਨਾ ਅਧਿਕਾਰ ਐਕਟ ਲੋਕ ਹਿਤਾਂ ਦੀ ਪੂਰਤੀ ਲਈ ਬਣਾਇਆ ਗਿਆ ਹੈ, ਜਿਸ ਦਾ ਮੁੱਖ ਮੰਤਵ ਪਾਰਦਰਸ਼ੀ ਅਤੇ ਲੋਕਾਂ ਪ੍ਰਤੀ ਜਵਾਬਦੇਹੀ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਐਕਟ ਅਧੀਨ ਮੰਗੀ ਗਈ ਸੂਚਨਾ ਨਿਸ਼ਚਿਤ ਸਮੇਂ ਵਿੱਚ ਮੁਹੱਈਆ ਕਰਵਾਉਣਾ ਹਰੇਕ ਲੋਕ ਸੂਚਨਾ ਅਫ਼ਸਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਆਰ.ਟੀ.ਆਈ. ਦੁਆਰਾ ਮੰਗੀ ਗਈ ਸੂਚਨਾ ਐਕਟ ਤਹਿਤ ਨਿਰਧਾਰਿਤ ਸਮੇਂ ਅਨੁਸਾਰ ਦੇਣੀ ਯਕੀਨੀ ਬਣਾਉਣ ਅਤੇ ਮੰਗੀ ਗਈ ਪੂਰੀ ਸੂਚਨਾ ਬਿਨੈ ਕਰਤਾ ਨੂੰ ਦਿੱਤੀ ਜਾਵੇ।

            ਟ੍ਰੇਨਿੰਗ ਦੌਰਾਨ ਮਨਦੀਪ ਸਿੰਘ ਪ੍ਰੋਜੈਕਟ ਕੋਆਰਡੀਨੇਟਰ ਮਗਸੀਪਾ ਰੀਜਨਲ ਸੈਂਟਰ ਬਠਿੰਡਾ, ਵਿਸ਼ਾ ਮਾਹਿਰ ਐਡਵੋਕੇਟ ਕਸ਼ਮੀਰ ਲਾਲ ਅਤੇ ਐਡਵੋਕੇਟ ਵਰੁਨ ਬਾਂਸਲ ਵੱਲੋਂ ‘ਸੂਚਨਾ ਅਧਿਕਾਰ ਐਕਟ 2005’ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਭਾਗੀਦਾਰਾਂ ਵੱਲੋਂ ਵਿਸ਼ੇ ‘ਤੇ ਚਰਚਾ ਕੀਤੀ ਗਈ ਅਤੇ ਵਿਸ਼ਾ ਮਾਹਿਰਾਂ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਸ਼ੰਕੇ ਦੂਰ ਕੀਤੇ ਗਏ।

Leave a Reply

Your email address will not be published. Required fields are marked *