ਜਲੰਧਰ, 25 ਮਈ
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਬਣ ਗਏ ਹਨ। ਅੱਜ ਜਲੰਧਰ ਵਿਖੇ ਹੋਈ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਉਹ ਚੁਣੇ ਗਏ। ਮੀਤ ਹੇਅਰ ਪੰਜਾਬ ਦੇ ਸਾਬਕਾ ਖੇਡ ਮੰਤਰੀ ਵੀ ਰਹੇ ਹਨ ਤੇ ਬੈਡਮਿੰਟਨ ਅਤੇ ਕ੍ਰਿਕਟ ਦੇ ਚੰਗੇ ਖਿਡਾਰੀ ਹਨ, ਅਗਲੇ ਚਾਰ ਸਾਲਾਂ ਲਈ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਵਾਗਡੋਰ ਸੰਭਾਲਣਗੇ।
ਐਸੋਸੀਏਸ਼ਨ ਦੀ ਚੋਣ ਵਿੱਚ ਰਿਤਿਨ ਖੰਨਾ ਸਕੱਤਰ, ਲਲਿਤ ਗੁਪਤਾ, ਸੰਦੀਪ ਰਿਣਵਾ, ਵਿਨੇ ਵੋਹਰਾ, ਕਵੀ ਰਾਜ ਡੋਗਰਾ, ਵਿਨੋਦ ਵਤਰਾਨਾ ਤੇ ਰੋਹਿਤ ਜੈਨ ਮੀਤ ਪ੍ਰਧਾਨ, ਅਨੁਪਮ ਕੁਮਾਰੀਆ ਖਜਾਨਚੀ, ਚਿਤਰੰਜਨ ਬਾਂਸਲ ਤੇ ਜਤਿੰਦਰ ਸੰਧੂ ਸਕੱਤਰ, ਜਸਵੰਤ ਢਿੱਲੋਂ, ਸ਼ਮਸ਼ੇਰ ਢਿੱਲੋਂ ਤੇ ਪੰਜਾਬ ਮਸੀਹ ਸੰਯੁਕਤ ਸਕੱਤਰ ਬਣੇ ਹਨ।
ਮੀਤ ਹੇਅਰ ਨੇ ਸਮੂਹ ਜ਼ਿਲਾ ਬੈਡਮਿੰਟਨ ਐਸੋਸੀਏਸ਼ਨਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਸਾਰਿਆਂ ਨੂੰ ਨਾਲ ਲੈ ਕੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬੈਡਮਿੰਟਨ ਖੇਡ ਦੇ ਪਾਸਾਰ ਅਤੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ ਲਈ ਉਪਰਾਲੇ ਕੀਤੇ ਜਾਣਗੇ। ਸੂਬੇ ਦੇ ਕੋਨੇ ਕੋਨੇ ਵਿੱਚ ਬੈਡਮਿੰਟਨ ਕੋਰਟ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬੈਡਮਿੰਟਨ ਖੇਡ ਵਿੱਚ ਪੰਜਾਬ ਨੇ ਬਹੁਤ ਚੰਗੇ ਨਤੀਜੇ ਦਿੱਤੇ ਹਨ ਅਤੇ ਹੋਰ ਬਿਹਤਰ ਨਤੀਜੇ ਲਿਆਉਣ ਲਈ ਹੰਭਲਾ ਮਾਰਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮੀਤ ਹੇਅਰ ਨੇ ਬਤੌਰ ਖੇਡ ਮੰਤਰੀ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਖੇਡ ਪੱਖੀ ਮਾਹੌਲ ਸਿਰਜਣ ਲਈ ਵੱਡੇ ਕੰਮ ਕੀਤੇ।ਨਵੀਂ ਖੇਡ ਨੀਤੀ, ਖੇਡਾਂ ਵਤਨ ਪੰਜਾਬ ਦੀਆਂ ਦੀ ਸਫਲ ਸ਼ੁਰੂਆਤ ਅਤੇ ਖਿਡਾਰੀਆਂ ਨੂੰ ਨਗਦ ਇਨਾਮ ਤੇ ਨੌਕਰੀਆਂ ਮੁੱਖ ਕੰਮ ਕੀਤੇ ਗਏ।
ਮੀਤ ਹੇਅਰ ਰੋਜ਼ਾਨਾ ਬੈਡਮਿੰਟਨ ਖੇਡਦੇ ਹਨ ਅਤੇ ਪਿਛਲੇ ਦਿਨੀਂ ਉਨ੍ਹਾਂ ਸੰਸਦ ਮੈਂਬਰਾਂ ਦੇ ਕਰਵਾਏ ਬੈਡਮਿੰਟਨ ਟੂਰਨਾਮੈਂਟ ਵਿੱਚ ਇਸ ਖੇਡ ਦੇ ਵੱਖ-ਵੱਖ ਪੰਜ ਵਰਗਾਂ ਵਿੱਚ ਟਾਈਟਲ ਵੀ ਜਿੱਤੇ ਸਨ। ਉਹ ਜਿੱਥੇ ਮੌਜੂਦਾ ਸਮੇਂ ਲੋਕ ਸਭਾ ਮੈਂਬਰ ਹਨ, ਉੱਥੇ ਬਰਨਾਲਾ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਹਨ। ਉਹ ਬਰਨਾਲਾ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਹਨ।
ਅੱਜ ਦੀ ਮੀਟਿੰਗ ਵਿੱਚ ਨਵੇਂ ਚੁਣੇ ਸਕੱਤਰ ਰਿਤਿਨ ਖੰਨਾ ਨੇ ਸਾਲ 2025-26 ਦਾ ਕੈਲੰਡਰ ਜਾਰੀ ਕਰਦਿਆਂ ਰੈਂਕਿੰਗ ਮੁਕਾਬਲੇ ਵੱਧ ਕਰਵਾਉਣ ਉੱਤੇ ਜ਼ੋਰ ਦਿੰਦਿਆਂ ਟੂਰਨਾਮੈਂਟ ਦੌਰਾਨ ਖਿਡਾਰੀ ਲਈ ਮੁਫ਼ਤ ਖਾਣੇ ਅਤੇ ਨਗਦ ਇਨਾਮ ਦੇਣ ਦੀ ਗੱਲ ਆਖੀ। ਮੀਟਿੰਗ ਦੌਰਾਨ ਬੀਤੇ ਦਿਨੀਂ ਸਦੀਵੀ ਅਲਵਿਦਾ ਆਖਣ ਵਾਲੇ ਬੈਡਮਿੰਟਨ ਕੋਚ ਹਰਜਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਵਿਛੜੇ ਕੋਚ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ।
ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਪਰਮਿੰਦਰ ਸ਼ਰਮਾ, ਅਸ਼ੋਕ ਕੁਮਾਰ, ਰਣਬੀਰ ਢੀਂਡਸਾ, ਰਾਹੁਲ ਕਪਲਿਸ਼, ਮਨੋਜ ਕੁਮਾਰ, ਸੁਖਚੈਨ ਸਿੰਘ, ਗੁਰਪ੍ਰੀਤ ਬਾਜਵਾ, ਹਰਿੰਦਰ ਸ਼ਰਮਾ ਤੇ ਵਿਸ਼ਾਲ ਰੱਲਾ ਕਾਰਕਾਰਨੀ ਮੈਂਬਰ ਚੁਣੇ ਗਏ।
——