ਜਲੰਧਰ, 25 ਮਈ: ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਟੇਟ ਆਰਮਡ ਪੁਲਿਸ ਜਲੰਧਰ ਐਮ.ਐਫ. ਫਾਰੂਕੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਿਖ਼ਲਾਈ ਕੇਂਦਰ ਪੀ.ਏ.ਪੀ. ਵਿਖੇ ਕੈਂਸਰ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।
ਆਡੀਟੋਰੀਅਮ ਹਾਲ ਵਿੱਚ ਲਗਾਏ ਕੈਂਪ ਵਿੱਚ ਡਾ. ਪ੍ਰਭਜੋਤ ਕੌਰ, ਡਾ. ਸਿਮਰਨਜੀਤ ਸਿੰਘ ਅਤੇ ਡਾ. ਅਰਚਨਾ ਦੱਤਾ ਵੱਲੋਂ ਆਰਮਡ ਕੇਡਰ ਦੀਆਂ ਵੱਖ-ਵੱਖ ਯੂਨਿਟਾਂ ਅਤੇ ਪੀ.ਏ.ਪੀ. ਕੈਂਪਸ ਦੇ ਕੁਆਰਟਰਾਂ ਵਿੱਚ ਰਹਿ ਰਹੀਆਂ ਔਰਤਾਂ ਅਤੇ ਕਰਮਚਾਰੀਆਂ ਨੂੰ ਔਰਤਾਂ ’ਚ ਬ੍ਰੈਸਟ ਕੈਂਸਰ, ਬੱਚੇਦਾਨੀ ਦੇ ਕੈਂਸਰ, ਗਦੂਦਾਂ ਦੇ ਕੈਂਸਰ ਹੋਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਬ੍ਰੈਸਟ ਕੈਂਸਰ ਹੋਣ ਦੇ ਕਾਰਨ ਜਿਵੇਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ, ਫੈਮਲੀ ਹਿਸਟਰੀ ਅਤੇ ਪਰਿਵਾਰ ਵਿੱਚ ਹੀ ਕੋਈ ਦੂਜਾ ਕੈਂਸਰ ਆਮ ਕਾਰਨ ਹੁੰਦੇ ਹਨ। ਕੈਂਸਰ ਤੋਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣਾ ਖਾਣ-ਪੀਣ ਵਧੀਆ ਰੱਖਿਆ ਜਾਵੇ, ਆਪਣੇ-ਆਪ ਨੂੰ ਹਮੇਸ਼ਾ ਐਕਟਿਵ ਰੱਖਿਆ ਜਾਵੇ ਅਤੇ ਹਰ ਕਿਸਮ ਦੇ ਨਸ਼ੇ ਤੋਂ ਪ੍ਰਹੇਜ਼ ਕੀਤਾ ਜਾਵੇ।
ਇਸ ਕੈਂਪ ਵਿੱਚ ਡਾ. ਮੋਹਿਤ ਸ਼ਰਮਾ ਮੈਡੀਕਲ ਅਫ਼ਸਰ, ਸੁਖਜਿੰਦਰ ਸਿੰਘ, ਡੀ.ਐਸ.ਪੀ. ਸਿਖ਼ਲਾਈ (ਇਨਡੋਰ), ਦਵਿੰਦਰ ਸਿੰਘ ਸੈਣੀ, ਡੀ.ਐਸ.ਪੀ. ਸਿਖ਼ਲਾਈ (ਆਊਟਡੋਰ), ਇੰਸਪੈਕਟਰ ਅਕਸਪਾਦ ਗੌਤਮ ਅਤੇ ਪੀ.ਏ.ਪੀ ਕੈਂਪਸ ਵਿੱਚ ਤਾਇਨਾਤ ਮਹਿਲਾ ਕਰਮਚਾਰੀ ਅਤੇ ਮਹਿਲਾ ਸਿਖਿਆਰਥੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।