ਨਕਲੀ ਸ਼ਰਾਬ ਵਿਰੁੱਧ ਪੰਜਾਬ ਦੀ ਲੜਾਈ ਨੂੰ ਮਿਲੀ ਵੱਡੀ ਸਫਲਤਾ, ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ 600 ਲੀਟਰ ਮੀਥਾਨੌਲ ਕੈਮੀਕਲ ਜ਼ਬਤ

ਚੰਡੀਗੜ੍ਹ/ਤੇਪਲਾ, (ਸ਼ੰਭੂ, ਰਾਜਪੁਰਾ, ਪਟਿਆਲਾ), 13 ਮਈ:

ਨਕਲੀ ਤੇ ਜ਼ਹਿਰੀਲੀ ਸ਼ਰਾਬ ਵਿਰੁੱਧ ਪੰਜਾਬ ਦੀ ਲੜਾਈ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਇਸ ਲੜਾਈ ਤਹਿਤ ਮਹੱਤਵਪੂਰਨ ਕਦਮ ਚੁੱਕਦਿਆਂ ਪਟਿਆਲਾ ਜ਼ਿਲ੍ਹਾ ਪੁਲਿਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ 600 ਲੀਟਰ ਮੀਥਾਨੌਲ ਕੈਮੀਨਲ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ, ਇਸ ਫੜੇ ਗਏ ਮੀਥਾਨੌਲ ਕੈਮੀਕਲ ਦੀ ਵਰਤੋਂ ਨਾਜਾਇਜ਼ ਸ਼ਰਾਬ ਦੇ ਉਤਪਾਦਨ ਵਿੱਚ ਕੀਤੇ ਜਾਣ ਦਾ ਸ਼ੱਕ ਹੈ। ਇਹ ਖੁਲਾਸਾ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਸ਼ੰਭੂ-ਬਨੂੜ ਰੋਡ ‘ਤੇ ਤੇਪਲਾ ਪੁਲਿਸ ਚੌਕੀ ਨੇੜੇ ਫੜੇ ਗਏ ਟਰੱਕ ਕੋਲ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਕਲੀ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਪਟਿਆਲਾ ਪੁਲਿਸ ਨੇ ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਤਹਿਤ ਇਹ ਬਰਾਮਦਗੀ ਕੀਤੀ ਹੈ।
ਐਸ ਐਸ ਪੀ ਨੇ ਦੱਸਿਆ ਕਿ ਅੱਜ ਸਵੇਰੇ ਅੰਮ੍ਰਿਤਸਰ ਦੇ ਮਜੀਠਾ ਵਿਖੇ ਨਕਲੀ ਸ਼ਰਾਬ ਦੇ ਮੰਦਭਾਗੀ ਘਟਨਾ ਸਾਹਮਣੇ ਆਉਣ ਬਾਅਦ ਡੀਆਈਜੀ ਬਾਰਡਰ ਰੇਂਜ ਵੱਲੋਂ ਇਹ ਸੂਚਨਾ ਮਿਲੀ ਸੀ ਕਿ ਦਿੱਲੀ ਦੇ ਟਰਾਂਸਪੋਰਟ ਨਗਰ ਤੋਂ ਮੀਥਾਨੌਲ ਕੈਮੀਕਲ ਦੀ ਖੇਪ ਪੰਜਾਬ ਆ ਰਹੀ ਹੈ, ਇਸ ‘ਤੇ ਡੀਜੀਪੀ ਪੰਜਾਬ ਵੱਲੋਂ ਆਦੇਸ਼ ਮਿਲਣ ‘ਤੇ ਪਟਿਆਲਾ ਪੁਲਿਸ ਨੇ ਆਬਕਾਰੀ ਵਿਭਾਗ ਨਾਲ ਮਿਲ ਕੇ ਤੁਰੰਤ ਚੌਕਸੀ ਵਰਤਦੇ ਹੋਏ ਨਕਲੀ ਸ਼ਰਾਬ ਦੇ ਤਸਕਰਾਂ ਵਿਰੁੱਧ ਤੁਰੰਤ ਕਾਰਵਾਈ ਕਰਦਿਆਂ ਇਸ ਮੀਥਾਨੌਲ ਦੀ ਖੇਪ ਨੂੰ ਜ਼ਬਤ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਪੰਜਾਬ ਆ ਰਹੇ ਇਸ ਟਰੱਕ ਨੰਬਰ ਪੀ ਬੀ 10 ਐਚ 1577 ਨੂੰ  ਤੇਪਲਾ ਨੇੜੇ ਘੇਰ ਕੇ ਤਲਾਸ਼ੀ ਦੌਰਾਨ ਬਾਕੀ ਹੋਰ ਬਹੁਤ ਸਾਰੇ ਸਾਮਾਨ ਵਿਚ ਲੁਕੋ ਕੇ ਰੱਖੇ ਹੋਏ ਤਿੰਨ ਡਰੰਮਾਂ ਵਿਚੋਂ ਇਹ 600 ਲਿਟਰ ਮੀਥਾਨੌਲ ਕੈਮੀਕਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਐਸ ਐਸ ਪੀ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਮੀਥਾਨੌਲ ਦੀ ਇਹ ਖੇਪ ਦਿੱਲੀ ਤੋਂ ਲਿਆਂਦੀ ਜਾ ਰਹੀ ਸੀ, ਜਿਸ ਦੇ ਤਾਰ ਮਜੀਠਾ ਨਕਲੀ ਸ਼ਰਾਬ ਨਾਲ ਜੁੜੇ ਹੋਣ ਹੋਏ ਸਨ ਅਤੇ ਜੇਕਰ ਇਹ ਅੱਗੇ ਆਪਣੇ ਸਥਾਨ ‘ਤੇ ਪਹੁੰਚ ਜਾਂਦੀ ਤਾਂ ਇਸ ਤੋਂ ਤਿਆਰ ਹੋਣ ਵਾਲੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਵੇਚਣ ਨਾਲ ਹੋਰ ਵੀ ਸੈਂਕੜੇ ਲੋਕਾਂ ਦੀ ਮੌਤ ਹੋ ਸਕਦੀ ਸੀ।
ਐਸ ਐਸ ਪੀ ਨੇ ਕਿਹਾ ਕਿ ਨਕਲੀ ਸ਼ਰਾਬ ਦੇ ਤਸਕਰਾਂ ਵਿਰੁੱਧ ਕੀਤੀ ਕਾਰਵਾਈ ਦੌਰਾਨ ਐਸ ਪੀ ਡੀ ਗੁਰਬੰਸ ਸਿੰਘ ਬੈਂਸ, ਡੀਐਸਪੀ ਹਰਮਨਜੀਤ ਸਿੰਘ ਚੀਮਾ, ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਰਜੇਸ਼ ਐਰੀ ਦੀ ਨਿਗਰਾਨੀ ਹੇਠ ਇਸ ਟੀਮ ਵਿੱਚ ਆਬਕਾਰੀ ਈਟੀਓ ਰੁਪਿੰਦਰਜੀਤ ਸਿੰਘ, ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ, ਆਬਕਾਰੀ ਇੰਸਪੈਕਟਰ ਹਰਜਿੰਦਰ ਸਿੰਘ, ਗੋਪਾਲ ਸ਼ਰਮਾ ਤੇ ਰਜਨੀਸ਼ ਕੁਮਾਰ ਸਮੇਤ ਆਬਕਾਰੀ ਪੁਲਿਸ ਤੇ ਤੇਪਲਾ ਚੌਕੀ ਇੰਚਾਰਜ ਜਜਵਿੰਦਰ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *