ਮਾਲੇਰਕੋਟਲਾ 08 ਮਈ :
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਜ਼ਿਲ੍ਹੇ ਦੀ ਅਵਾਮ ਨੂੰ ਸੰਜਮ ਨਾਲ ਖ਼ਰੀਦਦਾਰੀ ਕਰਨ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿ ਕੇ ਬਚਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਸੰਜਮ ਨਾਲ ਅਤੇ ਸੋਚ-ਵਿਚਾਰ ਕੇ ਖ਼ਰੀਦਦਾਰੀ ਕਰਨ । ਘਬਰਾਹਟ ਵਿੱਚ ਆ ਕੇ ਧੜਾਧੜ ਖ਼ਰੀਦਦਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ।
ਅਵਾਮ ਦੀ ਸੁਰੱਖਿਆ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਹਰ ਪ੍ਰਕਾਰ ਦੀ ਸਹਾਇਤਾ ਤੇ ਸਹਿਯੋਗ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਸਮੇਤ ਕਿਸੇ ਵੀ ਚੀਜ਼ ਦੀ ਜਮ੍ਹਾਖੋਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਹਿੱਤ ਵਿੱਚ ਜਾਰੀ ਐਡਵਾਈਜ਼ਰੀ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਫ਼ਵਾਹ ਫੈਲਾਉਂਦਾ ਪਾਇਆ ਗਿਆ, ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਸਮੇਂ ਪੱਤਰਕਾਰ ਅਹਿਮ ਰੋਲ ਅਦਾ ਕਰ ਸਕਦੇ ਹਨ । ਉਨ੍ਹਾਂ ਦੀ ਜਾਣਕਾਰੀ /ਸੂਚਨਾਂ ਦੇ ਅਧਾਰ ਤੇ ਸਮਾਂ ਰੰਗਤ ਲੈਂਦਾ ਹੈ। ਉਨ੍ਹਾਂ ਪੱਤਰਕਾਰ ਅਤੇ ਆਮ ਲੋਕਾਂ ਨੂੰ ਕਿਹਾ ਕਿ ਹੰਗਾਮੀ ਸਥਿਤੀ/ਸੰਕਟ ਕਲੀਨ ਸਥਿਤੀ ਸਬੰਧੀ ਜਾਂ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ /ਫੋਟੋ ਜ਼ਿਲ੍ਹਾ ਪ੍ਰਸ਼ਾਸਨ ,ਪੁਲਿਸ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਨਾ ਛਾਪੀ ਜਾਵੇ ਅਤੇ ਨਾ ਹੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਜਾਵੇ ਜਿਸ ਨਾਲ ਕਿਸੇ ਦੇ ਵੀ ਪੈਨਿਕ (ਦਹਿਸ਼ਤ) ਹੋਣ ਜਾਂ ਗਲਤ ਅਫਵਾਹ ਫੈਲਣ ਜਾਂ ਦੇਸ਼ ਵਿਰੋਧੀ ਹੋਣ ਦੀ ਪੁਸ਼ਟੀ ਹੁੰਦੀ ਹੋਵੇ ।
ਉਨ੍ਹਾਂ ਅਪੀਲ ਕੀਤੀ ਕਿ ਸੋਸ਼ਲ ਮੀਡੀਆ /ਪ੍ਰੈਸ ਜਾਂ ਕਿਸੇ ਵੀ ਪਲੇਟਫਾਰਮ ਤੇ ਕੋਈ ਵੀ ਅਜਿਹੀ ਫੋਟੋ /ਵੀਡੀਓ ਜੋ ਦੇਸ਼ ਵਿਰੋਧੀ ਹੋਵੇ,ਦੇਸ਼ ਹਿੱਤ ਵਿੱਚ ਨਾ ਹੋਵੇ ਖਾਸ ਕਰਕੇ ਫੋਜ, ਹਵਾਈ ਫੋਜ , ਸੁਰੱਖਿਆ ਬਲਾਂ, ਸੁਰੱਖਿਆ ਆਦਿ ਸਬੰਧੀ ਹੋਵੇ ਸ਼ੇਅਰ ਕਰਨ ਤੋਂ ਪਹਿਲਾਂ ਸੰਬੰਧਿਤ ਅਧਿਕਾਰੀ ਜਿਲਾ ਪ੍ਰਸ਼ਾਸਨ ,ਪੁਲੀਸ ਪ੍ਰਸ਼ਾਸਨ ਤੋਂ ਹਰ ਹਾਲਤ ਵਿੱਚ ਇਸ ਦੀ ਪੁਸ਼ਟੀ ਕੀਤੀ ਜਾਵੇ ।ਬਿਨਾਂ ਵਜ੍ਹਾ ਅਫਵਾਹ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਂਦ ਵਿੱਚ ਲਿਆਂਦੀ ਜਾਵੇਗੀ