ਮਾਨਸਾ, 05 ਮਈ :
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਗਈ ਕਣਕ ਦੀ ਨਿਰਵਿਘਨ ਖਰੀਦ ਉਪਰੰਤ ਬਿਨ੍ਹਾਂ ਕਿਸੇ ਦੇਰੀ ਦੇ ਅਨਾਜ ਦਾ ਬਣਦਾ ਮੁੱਲ ਦਿੱਤਾ ਜਾ ਰਿਹਾ ਹੈ। ਇਸ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਲੰਘੀ ਸ਼ਾਮ ਤੱਕ ਕਿਸਾਨਾਂ ਵੱਲੋਂ ਮੰਡੀਆਂ ਅੰਦਰ 6 ਲੱਖ 17 ਹਜ਼ਾਰ 820 ਮੀਟਰਕ ਟਨ ਕਣਕ ਲਿਆਂਦੀ ਗਈ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 6 ਲੱਖ 07 ਹਜ਼ਾਰ 371 ਮੀਟਰਕ ਟਨ ਕਣਕ ਦੀ ਖਰੀਦ ਵੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਦੇ ਬਦਲੇ ਕਿਸਾਨਾਂ ਨੂੰ 1398. 50 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਸ਼੍ਰੀ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਖਰੀਦੀ ਕੀਤੀ ਕਣਕ ਵਿੱਚੋਂ ਪਨਗਰੇਨ ਨੇ 1 ਲੱਖ 92 ਹਜ਼ਾਰ 945 ਮੀਟਰਕ ਟਨ, ਮਾਰਕਫੈਡ ਵੱਲੋਂ 1 ਲੱਖ 65 ਹਜ਼ਾਰ 935, ਪਨਸਪ ਵੱਲੋਂ 1 ਲੱਖ 47 ਹਜ਼ਾਰ 302 ਮੀਟਰਕ ਟਨ, ਪੰਜਾਬ ਵੇਅਰ ਹਾਊਸ ਵੱਲੋਂ 83 ਹਜ਼ਾਰ 638 ਮੀਟਰਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 17 ਹਜ਼ਾਰ 550 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਅੰਦਰੋਂ ਕਣਕ ਦੀ ਲਿਫਟਿੰਗ ਦਾ ਕੰਮ ਵੀ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚੋਂ 4 ਲੱਖ 60 ਹਜ਼ਾਰ 544 ਮੀਟਰਕ ਟਨ ਕਣਕ ਦੀ ਲਿਫਟਿੰਗ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਲੋਕ ਹਿੱਤ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ।