ਯੁੱਧ ਨਸ਼ਿਆਂ ਵਿਰੁੱਧ’: ਜਲੰਧਰ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ ‘ਦੌੜਦਾ ਪੰਜਾਬ’ ਮੈਰਾਥਨ 27 ਅਪ੍ਰੈਲ ਨੂੰ

ਜਲੰਧਰ, 21 ਅਪ੍ਰੈਲ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜਲੰਧਰ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਲਈ 27 ਅਪ੍ਰੈਲ ਨੂੰ ‘ਦੌੜਦਾ ਪੰਜਾਬ’ ਮੈਰਾਥਨ ਕਰਵਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁੱਧੀ ਰਾਜ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੈਰਾਥਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ।

ਡਾ. ਅਗਰਵਾਲ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਜਾਗਰੂਕਤਾ ਗਤੀਵਿਧੀਆਂ ਦੇ ਹਿੱਸੇ ਵਜੋਂ ਇਹ ਮੈਰਾਥਨ ਕਰਵਾਈ ਜਾ ਰਹੀ ਹੈ, ਜੋ ਕਿ ਤਿੰਨ ਸ਼੍ਰੇਣੀਆਂ 3,5 ਅਤੇ 8 ਕਿਲੋਮੀਟਰ ਵਿੱਚ ਹੋਵੇਗੀ। ਉਨ੍ਹਾਂ ਦੱਸਿਆ ਕਿ ਤਿੰਨ ਕਿਲੋਮੀਟਰ ਮੈਰਾਥਨ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੀਤਾ ਮੰਦਿਰ, ਸ਼ਿਵਾਨੀ ਪਾਰਕ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰੂ ਅਮਰਦਾਸ ਚੌਕ ਤੋਂ ਵਾਪਸ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ।

ਇਸੇ ਤਰ੍ਹਾਂ 5 ਕਿਲੋਮੀਟਰ ਮੈਰਾਥਨ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੀਤਾ ਮੰਦਿਰ, ਸ਼ਿਵਾਨੀ ਪਾਰਕ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰੂ ਅਮਰਦਾਸ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਏ.ਪੀ.ਜੇ. ਸਕੂਲ, ਚੁਨਮੁਨ ਮਾਲ ਤੋਂ ਵਾਪਸ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਵੇਗੀ। ਜਦਕਿ 8 ਕਿਲੋਮੀਟਰ ਮੈਰਾਥਨ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ੁਰੂ ਹੋ ਕੇ ਗੀਤਾ ਮੰਦਿਰ, ਸ਼ਿਵਾਨੀ ਪਾਰਕ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰੂ ਅਮਰਦਾਸ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਸਕਾਈ ਲਾਰਕ ਚੌਕ, ਨਾਵਦੇਵ ਚੌਕ, ਬੀ.ਐਮ.ਸੀ. ਚੌਕ ਤੋਂ ਹੁੰਦੇ ਹੋਏ ਵਾਪਸ ਗੁਰੂ ਗੋਬਿੰਦ ਸਿੰਘ ਸਟੇਡੀਅਮ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਸਵੇਰੇ 5:30 ਸ਼ੁਰੂ ਹੋਣ ਵਾਲੀ ਇਸ ਮੈਰਾਥਨ ਦੀ ਸਮਾਪਤੀ ਉਪਰੰਤ ਸਟੇਡੀਅਮ ਵਿਖੇ ਨਸ਼ਿਆਂ ਖਿਲਾਫ਼ ਸਹੁੰ ਚੁਕਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਨੂੰ ਟੀ-ਸ਼ਰਟ, ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤੇ ਜਾਣਗੇ ਜਦਕਿ ਜੇਤੂਆਂ ਨੂੰ ਟਰਾਫੀਆਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨਿਰਧਾਰਿਤ ਕਰਦਿਆਂ ਅਧਿਕਾਰੀਆਂ ਨੂੰ ਸੌਂਪੇ ਗਏ ਕਾਰਜ ਸਮੇਂ ਸਿਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੈਰਾਥਨ ਦੇ ਰੂਟ ਅਤੇ ਸਟੇਡੀਅਮ ਦੀ ਸਾਫ਼-ਸਫਾਈ ਯਕੀਨੀ ਬਣਾਉਣ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੀਆਂ ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਦੀ ਤਾਇਨਾਤੀ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰ੍ਹਾਂ ਪੁਲਿਸ ਵਿਭਾਗ ਨੂੰ ਸੁਚਾਰੂ ਟ੍ਰੈਫਿਕ ਵਿਵਸਥਾ, ਢੁੱਕਵੀਂ ਪਾਰਕਿੰਗ ਦੇ ਨਾਲ-ਨਾਲ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਮਾਗਮ ਵਾਲੇ ਦਿਨ ਸਟੇਡੀਅਮ ਵਿੱਚ ਫਲੱਡ ਲਾਈਟਾਂ ਸਮੇਤ ਸਾਰੀਆਂ ਲਾਈਟਾਂ ਚਾਲੂ ਹਾਲਤ ਵਿੱਚ ਹੋਣ। ਇਸ ਤੋਂ ਇਲਾਵਾ ਭਾਗੀਦਾਰਾਂ ਦੀ ਰਜਿਸਟ੍ਰੇਸ਼ਨ, ਰਿਫਰੈਸ਼ਮੈਂਟ, ਪੀਣ ਵਾਲੇ ਪਾਣੀ, ਟਾਇਲਟਸ ਸਮੇਤ ਹੋਰ ਲੋੜੀਂਦੇ ਇੰਤਜ਼ਾਮ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਵੱਧ ਤੋਂ ਵੱਧ ਭਾਗੀਦਾਰੀ ’ਤੇ ਜ਼ੋਰ ਦਿੱਤਾ। ਉਨ੍ਹਾਂ ਵਿੱਦਿਅਕ ਅਦਾਰਿਆਂ, ਸਮਾਜ ਸੇਵੀ ਸੰਸਥਾਵਾਂ ਅਤੇ ਜਲੰਧਰ ਵਾਸੀਆਂ ਨੂੰ ਮੈਰਾਥਨ ਤੇ ਸਹੁੰ ਚੁੱਕ ਸਮਾਗਮ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜਨਤਾ ਦੀ ਸਰਗਰਮ ਭਾਗੀਦਾਰ ਨਾਲ ਹੀ ਨਸ਼ਿਆਂ ਖਿਲਾਫ਼ ਜੰਗ ਜਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੈਰਾਥਨ ਵਿੱਚ ਭਾਗ ਲੈਣ ਲਈ https://forms.gle/PxkcRZm8VKm9JSud9 ਲਿੰਕ ’ਤੇ ਰਜਿਸਟਰ ਕੀਤਾ ਜਾ ਸਕਦਾ ਹੈ।

ਮੀਟਿੰਗ ਦੌਰਾਨ ਐਸ.ਡੀ.ਐਮ. ਵਿਵੇਕ ਮੋਦੀ, ਬਲਬੀਰ ਰਾਜ ਸਿੰਘ, ਰਣਦੀਪ ਸਿੰਘ ਹੀਰ, ਲਾਲ ਵਿਸ਼ਵਾਸ ਬੈਂਸ ਅਤੇ ਸ਼ੁਭੀ ਆਂਗਰਾ, ਸਿਵਲ ਸਰਜਨ ਡਾ. ਗੁਰਮੀਤ ਲਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *