ਪਿੰਡਾਂ ਵਿੱਚ ਛੱਪੜਾਂ ਦੀ ਕਾਇਆ ਕਲਪ ਦੀ ‘ਆਪ’ ਸਰਕਾਰ ਦੀ ਮੁਹਿੰਮ ਨਾਲ ਪੰਜਾਬ ਦੇ ਪਿੰਡਾਂ ਵਿੱਚ ਨਵੇਂ ਯੁੱਗ ਦਾ ਆਗਾਜ਼: ਤਰੁਨਪ੍ਰੀਤ ਸਿੰਘ ਸੌਂਦ

ਚੰਡੀਗੜ੍ਹ, 21 ਅਪ੍ਰੈਲ:

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਵੱਡੇ ਪੱਧਰ ‘ਤੇ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਸਬੰਧੀ ਇੱਕ ਬੇਮਿਸਾਲ ਮੁਹਿੰਮ ਸ਼ੁਰੂ ਕੀਤੀ ਹੈ।

ਸਥਾਨਕ ਪੰਜਾਬ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਪਿੰਡਾਂ ਦੀ ਸਾਰ ਨਹੀਂ ਲਈ ਅਤੇ 15-25 ਸਾਲਾਂ ਤੋਂ ਤਾਂ ਛੱਪੜਾਂ ਦੀ ਸਫਾਈ ਤੱਕ ਨਹੀਂ ਕੀਤੀ ਗਈ। ਜਿਸ ਕਾਰਨ ਇਹਨਾਂ ਤਲਾਬਾਂ ਵਿੱਚੋਂ ਗੰਦੀ ਬਦਬੂ ਆਉਂਦੀ ਹੈ ਅਤੇ ਇਹ ਮੱਛਰਾਂ ਲਈ ਪ੍ਰਜਣਨ ਸਥਾਨ ਬਣ ਗਏ ਹਨ, ਜਿਸ ਕਾਰਨ ਇਹਨਾਂ ਦੇ ਆਲੇ ਦੁਆਲੇ ਲੋਕਾਂ ਦਾ ਰਹਿਣਾ ਅਸੰਭਵ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਪਿੰਡਾਂ ਦੇ ਕਰੀਬ 15000 ਛੱਪੜਾਂ ਦੀ ਸਫ਼ਾਈ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਛੱਪੜਾਂ ਵਿੱਚੋਂ 1100 ਦੇ ਕਰੀਬ ਛੱਪੜਾਂ ਵਿੱਚੋਂ ਪਹਿਲਾਂ ਹੀ ਗੰਦੇ ਪਾਣੀ ਦਾ ਨਿਕਾਸ ਕੀਤਾ ਜਾ ਚੁੱਕਾ ਹੈ ਅਤੇ 400 ਦੇ ਲਗਭਗ ਛੱਪੜਾਂ ਵਿੱਚੋਂ ਗਾਰ ਕੱਢੀ ਜਾ ਚੁੱਕੀ ਹੈ। ਲੋੜ ਮੁਤਾਬਕ ਛੱਪੜਾਂ ‘ਚੋਂ ਗਾਰ ਕੱਢਣ ਅਤੇ ਗੰਦੇ ਪਾਣੀ ਦਾ ਨਿਕਾਸ ਦੋਵੇਂ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਵੱਡੇ ਕਾਰਜ ਦਾ ਨਿਰੀਖਣ ਉਨ੍ਹਾਂ ਨੇ ਖੁਦ ਬੀਤੇ ਦਿਨੀਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡਾਂ ਵਿੱਚ ਗਰਾਊਂਡ ਜ਼ੀਰੋ ‘ਤੇ ਜਾ ਕੇ ਕੀਤਾ ਹੈ। ਉਹ ਸਾਰੀ ਪ੍ਰਗਤੀ ਦੀ ਨਿੱਜੀ ਤੌਰ ‘ਤੇ ਸਮੀਖਿਆ ਕਰਨ ਲਈ ਹੋਰ ਜ਼ਿਲ੍ਹਿਆਂ ਦਾ ਦੌਰਾ ਵੀ ਕਰਨਗੇ।

ਉਨ੍ਹਾਂ ਦੱਸਿਆ ਕਿ ਬਹੁਤੇ ਛੱਪੜਾਂ ਦੀ ਦਹਾਕਿਆਂ ਤੋਂ ਸਫ਼ਾਈ ਨਹੀਂ ਕੀਤੀ ਗਈ ਹੈ। ਅਜਿਹੇ ਛੱਪੜ ਓਵਰਫਲੋਅ ਹੋ ਜਾਂਦੇ ਹਨ ਤੇ ਪਿੰਡਾਂ ਵਿੱਚ ਗੰਦੇ ਪਾਣੀ ਦੀ ਬਦਬੂ ਆਉਂਦੀ ਹੈ ਅਤੇ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ ਪਰ ਹੁਣ ਪੰਜਾਬ ਸਰਕਾਰ ਇਨ੍ਹਾਂ ਹਾਲਾਤਾਂ ਨੂੰ ਬਦਲਣ ਜਾ ਰਹੀ ਹੈ ਅਤੇ ਸਾਫ਼ ਤੇ ਸਿਹਤਮੰਦ ਵਾਤਾਵਰਣ ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਰੰਗਲਾ ਪੰਜਾਬ” ਬਣਾਉਣ ਵੱਲ ਇਹ ਸਰਕਾਰ ਦਾ ਸੁਹਿਰਦ ਅਤੇ ਗੰਭੀਰ ਕਦਮ ਹੈ। ਸੌਂਦ ਨੇ ਦੱਸਿਆ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੇ 4573 ਕਰੋੜ ਰੁਪਏ ਦੇ ਬਜਟ ਨੂੰ ਪਿੰਡਾਂ ਦੇ ਵਿਕਾਸ ਲਈ ਮਨਜ਼ੂਰੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿਚਲੀਆਂ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰ ਰਹੀ ਹੈ, ਜਿਸ ਤਹਿਤ ਪਿੰਡਾਂ ਦੇ ਛੱਪੜਾਂ ਦੀ ਮੁਰੰਮਤ, ਰੱਖ-ਰਖਾਅ ਅਤੇ ਸਾਂਭ-ਸੰਭਾਲ ਅਤੇ ਖੇਡ ਮੈਦਾਨਾਂ ਦਾ ਵਿਕਾਸ ਕਰਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਪਿੰਡਾਂ ਵਿੱਚ ਗੰਦੇ ਪਾਣੀ ਦੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸੀਵਰੇਜ ਟ੍ਰੀਟਮੈਂਟ ਸਹੂਲਤਾਂ ਯਕੀਨੀ ਬਣਾਈਆਂ ਜਾ ਰਹੀਆਂ ਹਨ।

ਪੰਚਾਇਤ ਮੰਤਰੀ ਨੇ ਕਿਹਾ ਕਿ ਪਿੰਡਾਂ ਦੀ ਆਰਥਿਕਤਾ ਅਤੇ ਜ਼ਿੰਦਗੀ ਜਿਊਣ ਲਈ ਛੱਪੜਾਂ ਦਾ ਸਹੀ ਰੱਖ-ਰਖਾਵ ਅਤੇ ਪੁਨਰ ਸੁਰਜੀਤੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮੌਨਸੂਨ ਸੀਜ਼ਨ ਤੋਂ ਪਹਿਲਾਂ, ਪੰਜਾਬ ਸਰਕਾਰ ਜਿੱਥੇ ਵੀ ਲੋੜ ਪਵੇਗੀ, ਛੱਪੜਾਂ ਨੂੰ ਗਾਰ ਮੁਕਤ ਕਰੇਗੀ ਅਤੇ ਗੰਦਾ ਪਾਣੀ ਬਾਹਰ ਕੱਢੇਗੀ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ ਅਤੇ ਪੰਜਾਬ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।
—–

Leave a Reply

Your email address will not be published. Required fields are marked *