ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 29.36 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ

ਗੜ੍ਹਸ਼ੰਕਰ/ ਹੁਸ਼ਿਆਰਪੁਰ, 19 ਅਪ੍ਰੈਲ:

            ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਲਗਭਗ 29.36 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਡਿਪਟੀ ਸਪੀਕਰ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਵਧੀਆ ਸੁਵਿਧਾਵਾਂ ਪ੍ਰਦਾਨ ਕਰਨ ਦਾ ਮਕਸਦ ਵਿਦਿਆਰਥੀਆਂ ਨੂੰ ਉੱਚ ਪੱਧਰੀ ਅਤੇ ਆਧੁਨਿਕ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣਾ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਮੁਕਾਬਲੇ ਦੀਆਂ ਔਖੀਆਂ ਪ੍ਰੀਖਿਆਵਾਂ ਨੂੰ ਸੁਖਾਲੇ ਢੰਗ ਨਾਲ ਪਾਸ ਕਰਨ ਦੇ ਸਮਰੱਥ ਬਣ ਸਕਣ ਅਤੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਅਜਿਹੀਆਂ ਬੁਲੰਦੀਆਂ ਨੂੰ ਹਾਸਲ ਕਰਕੇ ਨਾਮਣਾ ਖੱਟ ਸਕਣ, ਜਿਹੜੀਆਂ ਬੁਲੰਦੀਆਂ ਦਾ ਉਹ ਸੁਪਨਾ ਵੇਖਦੇ ਹਨ।

ਡਿਪਟੀ ਸਪੀਕਰ ਨੇ ਸੰਬੋਧਨ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 52 ਹਜਾਰ ਤੋਂ ਵੀ ਵਧੇਰੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਹੁਨਰ ਨੂੰ ਤਰਾਸ਼ ਕੇ ਦਿਲਚਸਪੀ ਮੁਤਾਬਕ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਬਾਰਵੀਂ ਪਾਸ ਕਰਨ ਮਗਰੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਹਿੱਸਾ ਲੈਣ ਦੇ ਯੋਗ ਬਣਨ ਅਤੇ ਮਨ ਪਸੰਦ ਦੇ ਅਹੁਦਿਆਂ ਉੱਤੇ ਸੇਵਾਵਾਂ ਨਿਭਾਉਣ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰੀ ਵਿਭਾਗਾਂ ਨੂੰ ਮੁਕੰਮਲ ਤੌਰ ’ਤੇ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਮੁਹਿੰਮ ਵੀ ਸਾਰਥਕ ਨਤੀਜੇ ਸਾਹਮਣੇ ਲਿਆ ਰਹੀ ਹੈ।

 ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਮਜਬੂਤ ਕਰਨ ਦੇ ਮਿੱਥੇ ਗਏ ਟੀਚੇ ਨੂੰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਸਾਰੇ ਹੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੂਰਾ ਕਰਨ ਲਈ ਅਸੀਂ ਦਿਨ ਰਾਤ ਜੁਟੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਅਤੇ ਪੜਾਉਂਦੇ ਅਧਿਆਪਕਾਂ ਦੀਆਂ ਜਰੂਰਤਾਂ ਨੂੰ ਯੋਜਨਾਬਧ ਤਰੀਕੇ ਨਾਲ ਪੂਰਾ ਕਰਨ ਲਈ ਸਰਗਰਮ ਰਹਿਣ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸੂਬੇ ਦੀ ਵਿਕਾਸ ਪੱਖੋਂ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਹੈ ਅਤੇ ਲੋਕ ਸੰਤੁਸ਼ਟੀ ਜਾਹਰ ਕਰ ਰਹੇ ਹਨ।

ਡਿਪਟੀ ਸਪੀਕਰ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਮਹਿਤਾਬਪੁਰ ਵਿਖੇ ਨਵੇਂ ਕਲਾਸਰੂਮ, ਲਾਇਬ੍ਰੇਰੀ ਰੂਮ ਅਤੇ ਹੋਰ ਵਿਕਾਸ ਕਾਰਜ, ਸਰਕਾਰੀ ਐਲੀਮੈਂਟਰੀ ਸਕੂਲ ਗੋਗੋਨ ਵਿਖੇ ਚਾਰਦੀਵਾਰੀ, ਸਰਕਾਰੀ ਐਲੀਮੈਂਟਰੀ ਸਕੂਲ ਘਾਗੋ ਰੋੜਾਵਾਲੀ ਨਵੇਂ ਬਣੇ ਕਲਾਸਰੂਮ ਅਤੇ ਹੋਰ ਵਿਕਾਸ ਕਾਰਜ, ਸਰਕਾਰੀ ਐਲੀਮੈਂਟਰੀ ਸਕੂਲ ਮੁਕੰਦਪੁਰ ਵਿਖੇ ਬਣੇ ਨਵੇਂ ਕਲਾਸਰੂਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋੜਾ ਵਿਖੇ ਕੰਪਿਊਟਰ ਲੈਬ ਅਤੇ ਹੋਰ ਵਿਕਾਸ ਕਾਰਜ, ਸਰਕਾਰੀ ਐਲੀਮੈਂਟਰੀ ਸਕੂਲ ਬੋੜਾ ਵਿਖੇ ਸਕੂਲ ਦੀ ਬਣੀ ਚਾਰਦੀਵਾਰੀ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ, ਸਿੱਖਿਆ ਵਿਭਾਗ ਦੇ ਅਫ਼ਸਰ ਅਤੇ ਹੋਰ ਪਤਵੰਤੇ ਮੌਜੂਦ ਸਨ।

Leave a Reply

Your email address will not be published. Required fields are marked *