ਸੇਫ ਸਕੂਲ ਵਾਹਨ ਪਾਲਿਸੀ ਤਹਿਤ 04 ਸਕੂਲੀ ਬੱਸਾਂ ਦੇ ਕੀਤੇ ਗਏ ਚਲਾਨ

ਫ਼ਤਿਹਗੜ੍ਹ ਸਾਹਿਬ, 14 ਮਾਰਚ

ਸਕੂਲੀ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਅਤੇ ਸਕੂਲੀ ਬੱਸਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਤੇ ਅਣਸੁਖਾਵੀਂਆਂ ਘਟਨਾਵਾਂ ਨੂੰ ਰੋਕਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਬਸੀ ਪਠਾਣਾ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਰੂਰੀ ਉਪਕਰਣ ਨਾ ਹੋਣ ਤੇ 04 ਬੱਸਾਂ ਦੇ ਚਲਾਨ ਵੀ ਕੀਤੇ ਗਏ।

 ਇਸ ਸਬੰਧੀ ਸ਼੍ਰੀ ਹਰਭਜਨ ਸਿੰਘ ਮਹਿਮੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਕਿਹਾ ਕਿ ਅੱਜ ਸੜਕ ਸੁਰੱਖਿਆ ਸਭ ਤੋਂ ਅਹਿਮ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜੋ ਕਿ ਬਹੁਤ ਅਫਸੋਸਜਨਕ ਹੈ। ਉਹਨਾਂ ਕਿਹਾ ਕਿ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜਰੂਰੀ ਹੋ ਜਾਦਾ ਹੈ ਕਿ ਬੱਚਿਆਂ ਦੇ ਮਾਪੇ ਉਹਨਾਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਅਤੇ ਜਿਹੜੀਆਂ ਸਕੂਲੀ ਬੱਸਾਂ ਵਿੱਚ ਬੱਚੇ ਸਫਰ ਕਰ ਰਹੇ ਹਨ, ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਿਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ।

ਇਸ ਮੌਕੇ ਏ. ਡੀ. ਟੀ. ਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਤੇ ਆਮ ਤੌਰ ਤੇ ਇਹ ਸਾਹਮਣੇ ਆਉਂਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀਂ ਚਲਾ ਰਹੇ ਹਨ।ਜਿਸ ਕਾਰਨ ਚੈਕਿੰਗ ਦੌਰਾਨ ਬੱਸਾਂ ਦੇ ਚਲਾਣ ਕਰਨੇ ਪੈ ਰਹੇ ਹਨ। ਉਹਨਾਂ ਦੱਸਿਆਂ ਕਿ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਹਰ ਇੱਕ ਬੱਸ ਜਿਸ ਵਿੱਚ ਬੱਚੀਆਂ ਸਫਰ ਕਰ ਰਹੀਆਂ ਹੋਣ ਵਿੱਚ ਲੇਡੀ ਅਟੈਂਡਿਡ ਹੋਣੀ ਜਰੂਰੀ ਹੈ।

ਉਨ੍ਹਾਂ ਦੱਸਿਆ ਕਿ ਸਕੂਲੀ ਬੱਸਾਂ ਵਿੱਚ ਕਾਫੀ ਖਾਮੀਆਂ ਪਾਈਆ ਗਈਆ ਜਿਵੇਂ ਕਿ ਸੀ.ਸੀ.ਟੀ.ਵੀ. ਕੈਮਰੇ ਚਾਲੂ ਨਾ ਹੋਣਾ ਅਤੇ ਲੇਡੀ ਅਟੈਂਡੇਟ ਦਾ ਨਾ ਹੋਣਾ। ਉਹਨਾਂ ਨੇ ਕਿਹਾ ਕਿ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਬੱਸਾਂ ਵਿੱਚ ਫਸਟ ਏਡ ਬਾਕਸ ਅਤੇ ਸਪੀਡ ਗਵਰਨਸ ਲਗਾਉਣੇ ਅਤਿ ਜਰੂਰੀ ਹਨ।

ਇਸ ਮੌਕੇ ਏ.ਐਸ.ਆਈ ਗੁਰਮੀਤ ਸਿੰਘ , ਹਰਿੰਦਰ ਸਿੰਘ, ਮਨਜੋਧ ਸਿੰਘ ਸ਼ੋਸ਼ਲ ਵਰਕਰ ਹਾਜਰ ਸਨ।

Leave a Reply

Your email address will not be published. Required fields are marked *