ਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ ‘ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤ, ਮਲੇਰਕੋਟਲਾ ‘ਚ ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਸ਼ਿਕਾਇਤ ਦਰਜ

ਚੰਡੀਗੜ੍ਹ, 13 ਮਾਰਚ:

ਗੈਰ-ਪ੍ਰਮਾਣਿਤ ਅਤੇ ਗ਼ੈਰਮਿਆਰੀ  ਖੇਤੀਬਾੜੀ ਵਸਤਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਛਾਪੇਮਾਰੀ ਦੌਰਾਨ ਮਿਆਦ ਪੁੱਗ ਚੁੱਕੀ ਖਾਦ ਦੇ 111 ਥੈਲੇ ਜ਼ਬਤ ਕੀਤੇ ਗਏ ਹਨ ਅਤੇ ਮਲੇਰਕੋਟਲਾ ਵਿੱਚ ਇੱਕ ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਸੀਡ (ਕੰਟਰੋਲ) ਆਰਡਰ 1983 ਅਤੇ ਸੀਡ ਰੂਲਜ਼ 1968 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਟੀਮ ਨੇ ਪੰਜਾਵਾ ਮਾਡਲ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮਟਿਡ ਵਿਖੇ ਮਿਆਦ ਪੁੱਗ ਚੁੱਕੀ ਖਾਦ ਦੇ 111 ਥੈਲੇ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਟੀਮ ਨੇ ਸੁਸਾਇਟੀ ਦੇ ਗੋਦਾਮਾਂ ਦੀ ਰੁਟੀਨ ਜਾਂਚ ਦੇ ਹਿੱਸੇ ਵਜੋਂ ਕੀਤੀ ਛਾਪੇਮਾਰੀ ਦੌਰਾਨ ਮਿਆਦ ਪੁੱਗ ਚੁੱਕੀ ਖਾਦ ਬਰਾਮਦ ਕੀਤੀ।

ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਹਿੰਦੁਸਤਾਨ ਬੀ.ਈ.ਸੀ. ਟੈਕ ਇੰਡੀਆ ਪ੍ਰਾਈਵੇਟ ਲਿਮਟਿਡ (ਪੋਟਾਸ਼ ਮੋਬਿਲਾਈਜ਼ਿੰਗ ਬੈਕਟੀਰੀਆ) ਦੇ 25 ਥੈਲੇ, ਮਾਲਵਾ ਇੰਡਸਟਰੀਅਲ ਐਂਡ ਮਾਰਕੀਟਿੰਗ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (ਮਿਫਕੋ) (ਪੋਟਾਸ਼ 14.5) ਦੇ 45 ਥੈਲੇ, ਹਿੰਦੁਸਤਾਨ ਬੀ.ਈ.ਸੀ. ਟੈਕ ਇੰਡੀਆ ਪ੍ਰਾਈਵੇਟ ਲਿਮਟਿਡ (ਕੋਰਗੋ ਜਿਪਸਮ) ਦੇ 31 ਥੈਲੇ, ਅਤੇ ਮਾਲਵਾ ਇੰਡਸਟਰੀਅਲ ਐਂਡ ਮਾਰਕੀਟਿੰਗ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ (ਮਿਫਕੋ) (ਮਾਈਕੋਰੀਜ਼ਾ) ਦੇ 10 ਥੈਲੇ ਬਰਾਮਦ ਕੀਤੇ ਗਏ ਹਨ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਟੀਮ ਨੂੰ ਸੁਸਾਇਟੀ ਦੇ ਦੂਜੇ ਗੋਦਾਮ ਵਿੱਚ ਯੂਰੀਆ ਖਾਦ ਦੇ ਨਾਲ ਸਟੋਰ ਕੀਤੀ ਜਿਪਸਮ ਖਾਦ ਵੀ ਮਿਲੀ ਹੈ। ਟੀਮ ਨੇ ਸਟਾਕ ਰਜਿਸਟਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਖਾਦ ਟੈਸਟਿੰਗ ਲੈਬਾਰਟਰੀ ਵਿਖੇ ਜਾਂਚ ਲਈ ਯੂਰੀਆ ਖਾਦ ਦੇ ਨਮੂਨੇ ਇਕੱਤਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਨਮੂਨੇ ਸਬੰਧੀ ਜਾਂਚ ਰਿਪੋਰਟਾਂ ਦੇ ਅਧਾਰ ‘ਤੇ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਪੰਜਾਵਾ ਮਾਡਲ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੋਸਾਇਟੀ ਲਿਮਟਿਡ ਕੋਲ ਉਪਲਬਧ ਖਾਦਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਵਿਭਾਗ ਵੱਲੋਂ ਰਜਿਸਟਰ ਆਪਣੇ ਕਬਜ਼ੇ ‘ਚ ਲੈ ਲਏ ਗਏ ਹਨ। ਇਸ ਤੋਂ ਇਲਾਵਾ ਸੁਸਾਇਟੀ ਦੇ ਸਕੱਤਰ ਓਮ ਪ੍ਰਕਾਸ਼, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਫਾਜ਼ਿਲਕਾ ਅਤੇ ਸਬੰਧਤ ਖਾਦ ਕੰਪਨੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।

ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਐਫ.ਆਈ.ਆਰ. ਦਰਜ  ਕਰਨ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਦੀ ਨਿਗਰਾਨੀ ਹੇਠ ਇੱਕ ਹੋਰ ਟੀਮ ਨੇ ਸੰਗਰੂਰ ਦੇ ਕਿਸਾਨਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਅਨਾਜ ਮੰਡੀ ਮਲੇਰਕੋਟਲਾ ਵਿਖੇ ਸਥਿਤ ਮੈਸਰਜ਼ ਸੰਕਲਪ ਰਿਟੇਲ ਸਟੋਰ ‘ਤੇ ਛਾਪਾ ਮਾਰਿਆ। ਆਪਣੀ ਸ਼ਿਕਾਇਤ ਵਿੱਚ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ 3300 ਰੁਪਏ ਪ੍ਰਤੀ ਥੈਲੇ ਦੇ ਹਿਸਾਬ ਮੱਕੀ ਦੇ ਬੀਜ (ਪਾਇਨੀਰ 1899) ਦੇ 21 ਥੈਲੇ ਖਰੀਦੇ ਸਨ ਪਰ ਡੀਲਰ ਨੇ ਬਿੱਲ ਦੇਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਟੀਮਾਂ ਵੱਲੋਂ ਕੀਤੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਕੰਪਨੀ ਦੇ ਬੀਜ ਲਾਇਸੰਸ (ਨੰਬਰ ਐਮ.ਕੇ.ਟੀ. /ਸੀਡ/189) ਦੀ ਮਿਆਦ 22 ਅਪ੍ਰੈਲ 2024 ਨੂੰ ਖਤਮ ਹੋ ਚੁੱਕੀ ਸੀ ਅਤੇ ਉਹ ਲਾਈਸੈਂਸ ਰੀਨਿਊ ਜਾਂ ਬਿੱਲ ਮੁਹੱਈਆ ਕਰਵਾਏ ਬਿਨਾਂ ਬੀਜ ਵੇਚ ਰਹੇ ਸਨ, ਜੋ ਕਿ ਸੀਡ (ਕੰਟਰੋਲ) ਆਰਡਰ 1983 ਦੀ ਧਾਰਾ 3 ਅਤੇ 9 ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਡੀਲਰ ਵੱਲੋਂ ਸੀਡ ਕੰਟਰੋਲ ਆਰਡਰ 1983 ਦੀ ਧਾਰਾ 18 (1) ਅਤੇ 18 (2) ਅਤੇ ਸੀਡ ਰੂਲਜ਼ 1968 ਦੀ ਧਾਰਾ 38 ਦੀ ਵੀ ਉਲੰਘਣਾ ਕੀਤੀ ਗਈ ਹੈ।

ਸ. ਖੁੱਡੀਆਂ ਨੇ ਦੱਸਿਆ ਕਿ ਇਨ੍ਹਾਂ ਉਲੰਘਣਾਵਾਂ ਦੇ ਮੱਦੇਨਜ਼ਰ ਕੰਪਨੀ ਦੇ ਖਿਲਾਫ ਸੀਡ (ਕੰਟਰੋਲ) ਆਰਡਰ 1983 ਅਤੇ ਸੀਡ ਰੂਲਜ਼ 1968 ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜੋ ਕਿ ਜ਼ਰੂਰੀ ਕੋਮੋਡਿਟੀਜ਼ ਐਕਟ, 1955 ਤਹਿਤ ਸਜ਼ਾਯੋਗ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਮਾਲਕ ਅਤੇ ਨੁਮਾਇੰਦਿਆਂ ਖਿਲਾਫ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਸ਼ਿਕਾਇਤ ਦਰਜ ਕੀਤੀ ਗਈ ਹੈ।

ਕੁਆਲਿਟੀ ਕੰਟਰੋਲ ਮਹਿੰਮ ਤਹਿਤ ਕੀਤੀਆਂ ਗਈਆਂ ਕਾਰਵਾਈਆਂ ‘ਤੇ ਚਾਨਣਾ ਪਾਉਂਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਾਲ 2024-25 ਦੌਰਾਨ ਖਾਦ ਡੀਲਰਾਂ/ਕੰਪਨੀਆਂ ਦੇ ਕੁੱਲ 87 ਲਾਇਸੰਸ ਰੱਦ ਕੀਤੇ ਗਏ ਹਨ ਅਤੇ ਖਾਦ ਡੀਲਰਾਂ/ਕੰਪਨੀਆਂ ਵਿਰੁੱਧ 08 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਇਸੇ  ਤਰ੍ਹਾਂ, 2024-25 ਦੌਰਾਨ ਕੀਟਨਾਸ਼ਕ ਡੀਲਰਾਂ/ਕੰਪਨੀਆਂ ਦੇ ਕੁੱਲ 116 ਲਾਇਸੰਸ ਰੱਦ ਕੀਤੇ ਗਏ ਅਤੇ ਕੀਟਨਾਸ਼ਕ ਡੀਲਰਾਂ ਅਤੇ ਕੰਪਨੀਆਂ ਵਿਰੁੱਧ 05 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ।

Leave a Reply

Your email address will not be published. Required fields are marked *