ਭੁਚਾਲ ਪ੍ਰਬੰਧਨ ਸੰਬੰਧੀ ਐਨਡੀਆਰਐਫ ਬਟਾਲੀਅਨ ਬਠਿੰਡਾ ਵੱਲੋਂ ਫਾਜ਼ਿਲਕਾ ਵਿਖੇ ਟੇਬਲ ਟੋਪ ਚਰਚਾ

ਫਾਜ਼ਿਲਕਾ, 12 ਮਾਰਚ: ਐਨਡੀਆਰਐਫ (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ) ਬਟਾਲੀਅਨ, ਬਠਿੰਡਾ ਵੱਲੋਂ ਫਾਜ਼ਿਲਕਾ ਵਿਖੇ ਇੱਕ ਵਿਸ਼ੇਸ਼ ਟੇਬਲ ਟੋਪ ਐਕਸਰਸਾਈਜ਼ ਕਰਵਾਈ ਗਈ। ਜ਼ਿਲ੍ਹਾ ਮਾਲ ਅਫਸਰ ਸੰਦੀਪ ਕੁਮਾਰ ਦੀ ਅਗਵਾਈ ਵਿੱਚ ਹੋਈ ਇਸ ਬੈਠਕ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਹ ਬੈਠਕ 13 ਮਾਰਚ ਨੂੰ ਕੀਤੀ ਜਾਣ ਵਾਲੀ ਮੋਕ ਡਰਿੱਲ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ।
ਇਸ ਮੌਕੇ ਇੰਸਪੈਕਟਰ ਯੁੱਧਵੀਰ ਸਿੰਘ ਨੇ ਐਨਡੀਆਰਐਫ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਅਤੇ ਸਮਝਾਇਆ ਕਿ ਮੋਕ ਡਰਿੱਲ ਕਿਉਂ ਜ਼ਰੂਰੀ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਭੁਚਾਲ ਜਾਂ ਕਿਸੇ ਹੋਰ ਆਫਤ ਦੇ ਸਮੇਂ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਰਿਸਪਾਂਸ ਦੇਣ ਲਈ ਅਜਿਹੀਆਂ ਮਸ਼ਕਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਵਿਭਿੰਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੁਚਾਲ ਸਮੇਂ ਲਾਜ਼ਮੀ ਉਪਾਅ, ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕਾਰਜਾਂ ਬਾਰੇ ਵਿਸ਼ਲੇਸ਼ਣਾਤਮਕ ਜਾਣਕਾਰੀ ਦਿੱਤੀ ਗਈ। ਮੋਕ ਡਰਿੱਲ ਦੌਰਾਨ ਭੁਚਾਲ ਆਉਣ ਦੀ ਸਥਿਤੀ ਨੂੰ ਵਿਅਕਤੀਗਤ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਕਿਵੇਂ ਸੰਭਾਲਿਆ ਜਾਵੇ, ਇਸ ਬਾਰੇ ਵਿਸ਼ੇਸ਼ ਸਿਖਲਾਈ ਭਲਕੇ ਮੌਕ ਡਰਿੱਲ ਦੌਰਾਨ ਦਿੱਤੀ ਜਾਵੇਗੀ।
ਇਸ ਬੈਠਕ ਵਿੱਚ ਕਾਰਜ ਸਾਧਕ ਅਫਸਰ ਗੁਰਦਾਸ  ਸਿੰਘ, ਡਿਪਟੀ ਡੀਓ ਪੰਕਜ ਅੰਗੀ ਅਤੇ ਹੋਰ ਉਚ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਨੇ ਐਨਡੀਆਰਐਫ ਦੀ ਟੀਮ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਸੁਣਿਆ ਅਤੇ ਮੋਕ ਡਰਿੱਲ ਦੀ ਤਿਆਰੀਆਂ ਬਾਰੇ ਚਰਚਾ ਕੀਤੀ।
ਐਨਡੀਆਰਐਫ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਐਮਰਜੈਂਸੀ ਸਥਿਤੀਆਂ ਦਾ ਸਾਹਮਣਾ ਕਰਨ ਲਈ ਤਤਪਰ ਹਨ। ਫਾਜ਼ਿਲਕਾ ਵਿਖੇ ਮੋਕ ਡਰਿੱਲ ਦੁਆਰਾ ਪਬਲਿਕ ਅਤੇ ਸਰਕਾਰੀ ਅਧਿਕਾਰੀਆਂ ਨੂੰ ਆਫਤ ਪ੍ਰਬੰਧਨ ਬਾਰੇ ਵਧੇਰੇ ਜਾਗਰੂਕ ਬਣਾਉਣ ਦਾ ਉਦੇਸ਼ ਰੱਖਿਆ ਗਿਆ ਹੈ।

Leave a Reply

Your email address will not be published. Required fields are marked *