ਫਤਿਹਗੜ੍ਹ ਸਾਹਿਬ :-12 ਮਾਰਚ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਜਾਗਰੂਕਤਾ ਰੈਲੀ ਵਿੱਚ ਸਰਸਵਤੀ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ ਅਤੇ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਨਸ਼ਿਆਂ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਦੀ ਹੋਈ ਵਾਪਸ ਜਿਲਾ ਹਸਪਤਾਲ ਵਿੱਚ ਆ ਕੇ ਸਮਾਪਤ ਹੋਈ ।
ਇਸ ਮੌਕੇ ਸਿਵਲ ਸਰਜਨ ਡਾ: ਦਵਿੰਦਰਜੀਤ ਕੌਰ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਰੋਗ ਹੈ ਜਿਸ ਦਾ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਖੇ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਸਾਰਿਆਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲਾ ਹਸਪਤਾਲ ਵਿੱਚ ਇੱਕ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵਿਚ ਸਰਕਾਰ ਵੱਲੋਂ ਨਸ਼ਾ ਛਡਾਉਣ ਲਈ ਮੁਫਤ ਸੇਵਾਵਾਂ ਉਪਲਬਧ ਹਨ ਤੇ ਜਿਲੇ ਵਿੱਚ 18 ਓਟ ਕਲੀਨਿਕ ਖੋਲੇ ਗਏ ਹਨ ਜਿਨਾਂ ਵਿੱਚੋਂ ਨਸ਼ਾ ਪੀੜਤ ਵਿਅਕਤੀ ਆਪਣੇ ਘਰ ਦੇ ਨੇੜੇ ਹੀ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਨਸ਼ਾ ਛੁਡਾਊ ਕੇਂਦਰ ਤੇ ਸਰਕਾਰੀ ਮੁੜ ਵਸੇਬਾ ਕੇਂਦਰ ਦਾ ਲੋੜਵੰਦ ਵਿਅਕਤੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਅਤੇ ਨਸ਼ਾ ਛੱਡ ਕੇ ਇੱਕ ਚੰਗਾ ਸਿਹਤਮੰਦ ਜੀਵਨ ਜਿਉਣਾ ਚਾਹੀਦਾ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਮਰੀਕ ਸਿੰਘ ਚੀਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ, ਸੀਨੀਅਰ ਮੈਡੀਕਲ ਅਫਸਰ ਡਾ ਕੰਵਲਦੀਪ ਸਿੰਘ, ਜਿਲਾ ਸਕੂਲ ਹੈਲਥ ਮੈਡੀਕਲ ਅਫਸਰ ਡਾ ਨਵਨੀਤ ਕੌਰ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਬੀਸੀਸੀ ਅਮਰਜੀਤ ਸਿੰਘ , ਮਾਨਵ ਸ਼ਾਹ , ਧਰਮ ਸਿੰਘ, ਮਨਬੀਰ ਸਿੰਘ ਆਦਿ ਹਾਜ਼ਰ ਸਨ।