ਸੀਤੋ ਗੁਨੋ (ਫਾਜ਼ਿਲਕਾ) , 6 ਮਾਰਚ: ਵਿਧਾਨ ਸਭਾ ਹਲਕਾ ਬੱਲੂਆਣਾ ਦੇ ਜਿੰਨ੍ਹਾਂ ਦੋ ਦਰਜਨ ਪਿੰਡਾਂ ਵਿਚ ਸੇਮ ਦੀ ਸਮੱਸਿਆ ਆਈ ਹੈ ਉਥੇ ਇਸਦਾ ਸਥਾਈ ਹੱਲ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਬੱਲੂਆਣਾ ਦੇ ਵਿਧਾਇਕ ਨੇ ਪਿੰਡ ਸੁਖਚੈਨ ਅਤੇ ਭਾਗਸਰ ਦਾ ਦੌਰਾ ਕਰਨ ਮੌਕੇ ਇਲਾਕੇ ਦੇ ਲੋਕਾਂ ਨੂੰ ਦਿੱਤੀ। ਇਸ ਦੌਰੇ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਹਾਜਰ ਰਹੇ।
ਇਸ ਦੌਰਾਨ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਸ੍ਰੀ ਗੋ ਸੇਵਾ ਸਦਨ ਵੇਲਫੇਅਰ ਸੁਸਾਇਟੀ ਸੁਖਚੈਨ ਦੀ ਗਊਸ਼ਾਲਾ ਵਿਚ ਬਣੇ ਸੈਡਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਇਸ ਗਊਸ਼ਾਲਾ ਵਿਚ ਸੈਡ, ਪਾਰਕ ਅਤੇ ਇੰਟਰਲਾਕਿੰਗ ਲਈ 1 ਕਰੋੜ ਰੁਪਏ ਸਰਕਾਰ ਵੱਲੋਂ ਖਰਚ ਕੀਤੇ ਜਾ ਰਹੇ ਹਨ।
ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਅਨੁਸਾਰ ਕੰਮ ਕਰ ਰਹੀ ਹੈ ਅਤੇ ਅੱਜ ਵੀ ਉਹ ਲੋਕਾਂ ਦੀਆਂ ਮੁਸਕਿਲਾਂ ਸੁਣਨ ਆਏ ਹਨ। ਉਨ੍ਹਾਂ ਨੇ ਕਿਹਾ ਕਿ 24 ਪਿੰਡਾਂ ਨੂੰ ਸੇਮ ਗ੍ਰਸਤ ਪਿੰਡ ਐਲਾਣਨ ਦੀ ਪ੍ਰਕ੍ਰਿਆ ਆਰੰਭ ਕੀਤੀ ਜਾ ਰਹੀ ਹੈ ਤਾਂ ਜੋ ਉਸਦੇ ਅਨੁਸਾਰ ਅਗਲੇਰੇ ਪ੍ਰੋਜੈਕਟ ਬਣਾ ਕੇ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਸਰਕਾਰ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ।
ਪਿੰਡ ਭਾਗਸਰ ਵਿਚ ਵਿਧਾਇਕ ਨੇ ਦੱਸਿਆ ਕਿ ਇਸ ਪਿੰਡ ਵਿਚ ਇਸ ਤੋਂ ਪਹਿਲਾਂ ਸਰਕਾਰ ਵੱਲੋਂ 9 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੇ ਇੱਥੇ ਲਾਈਬ੍ਰੇਰੀ ਅਤੇ ਕਮਿਊਨਿਟੀ ਹਾਲ ਵੀ ਜਲਦ ਬਣਾਉਣ ਦਾ ਐਲਾਣ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸੇਮ ਦੇ ਹੱਲ ਸੰਬੰਧੀ ਸਾਰੇ ਪ੍ਰਭਾਵਿਤ ਪਿੰਡਾਂ ਦੇ ਪ੍ਰੋਜੈਕਟ ਤਿਆਰ ਕਰਕੇ ਭੇਜੇ ਜਾਣ ਤੋਂ ਜੋ ਜਲਦ ਤੋਂ ਜਲਦ ਕੰਮ ਸ਼ੁਰੂ ਹੋ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ ਚੰਦਰ ਤੋਂ ਇਲਾਵਾ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਅੰਤਰਪ੍ਰੀਤ ਸਿੰਘ, ਬਿਸਨੋਈ ਸਮਾਜ ਦੇ ਆਗੂ ਸ੍ਰੀ ਸੁਭਾਸ ਡੇਲੂ, ਗਊਸ਼ਾਲਾ ਦੀ ਕਾਰਜਕਾਰਨੀ, ਭਾਗਸਰ ਦੇ ਸਰਪੰਚ ਸ੍ਰੀ ਸੁਧੀਰ ਕੁਕਣਾ, ਜੱਜ ਸਿੰਘ, ਭਜਨ ਲਾਲ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਤੇ ਪਿੰਡ ਵਾਸੀ ਹਾਜਰ ਸਨ।
ਬੱਲੂਆਣਾ ਹਲਕੇ ਵਿਚ ਸੇਮ ਦਾ ਹੋਵੇਗਾ ਸਥਾਈ ਹੱਲ, ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਦੌਰਾ

